ਲਾਲੜੂ 'ਚ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਧੂਮ-ਧਾਮ ਨਾਲ ਮਨਾਈ
- ਵਿਧਾਇਕ ਰੰਧਾਵਾ ਨੇ ਨਸ਼ਿਆਂ ਵਿਰੁੱਧ ਰੈਲੀ ਤੇ ਮੈਡੀਕਲ ਕੈਂਪ 'ਚ ਕੀਤੀ ਸ਼ਿਰਕਤ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਮਈ 2025: ਭਾਰਤੀ ਇਤਿਹਾਸ ਵਿੱਚ ਅਹਿਮ ਸਥਾਨ ਰੱਖਦੇ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਲਾਲੜੂ ਵਿਖੇ ਧੂਮ- ਧਾਮ ਨਾਲ ਮਨਾਈ ਗਈ। ਇਸ ਜੈਅੰਤੀ ਵਿੱਚ ਇਲਾਕੇ ਦੇ ਵੱਡੀ ਗਿਣਤੀ ਭਾਈਚਾਰੇ ਨਾਲ ਸਬੰਧਿਤ ਆਗੂਆਂ, ਨੌਜਵਾਨਾਂ ਤੇ ਹਮਦਰਦਾਂ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਮਹਾਰਾਣਾ ਪ੍ਰਤਾਪ ਭਵਨ ਵਿਖੇ ਇਕੱਤਰ ਹੋਏ ਆਗੂਆਂ ਤੇ ਹਲਕਾ ਵਿਧਾਇਕ ਨੇ ਮਹਾਰਾਣਾ ਪ੍ਰਤਾਪ ਦੀ ਤਸਵੀਰ ਉੱਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸ ਉਪਰੰਤ ਭਵਨ ਤੋਂ ਹੀ ਨਸ਼ਿਆਂ ਵਿਰੁੱਧ ਰੈਲੀ ਨੂੰ ਹਰੀ ਝੰਡੀ ਦਿਖਾਈ ਗਈ।
ਇਹ ਰੈਲੀ ਮਹਾਰਾਣਾ ਪ੍ਰਤਾਪ ਭਵਨ ਤੋਂ ਸ਼ੁਰੂ ਹੋ ਕੇ ਆਈਟੀਆਈ ਚੌਂਕ ਉੱਤੇ ਲੱਗੀ ਮਹਾਰਾਣਾ ਪ੍ਰਤਾਪ ਦੀ ਮੂਰਤੀ ਤੱਕ ਪੁੱਜੀ ਤੇ ਇਥੇ ਭਾਈਚਾਰੇ ਦੇ ਨੌਜਵਾਨਾਂ ਵੱਲੋਂ ਲਗਾਏ ਮੈਡੀਕਲ ਕੈਂਪ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਮ ਲੋਕਾਂ ਨੂੰ ਮਹਾਰਾਣਾ ਪ੍ਰਤਾਪ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਸੱਚੇ ਦੇਸ਼ ਭਗਤ ਸਨ ਅਤੇ ਉਨ੍ਹਾਂ ਆਪਣੀ ਜਿੰਦਗੀ ਵਿੱਚ ਕਦੇ ਵੀ ਕਿਸੇ ਦੀ ਈਨ ਤੱਕ ਨਹੀਂ ਮੰਨੀ।
ਇਸ ਮੌਕੇ ਮਹਾਰਾਣਾ ਪ੍ਰਤਾਪ ਰਜਿ. ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਣਾ, ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਬੁੱਲੂ ਰਾਣਾ, ਸੀਨੀਅਰ ਭਾਜਪਾ ਆਗੂ ਸੁਸ਼ੀਲ ਰਾਣਾ , ਰਾਜਪਾਲ ਰਾਣਾ, ਆਪ ਆਗੂ ਸੁਧੀਰ ਰਾਣਾ , ਸਾਹਿਲ ਰਾਣਾ ਤੇ ਰਜਤ ਰਾਣਾ ਆਦਿ ਸਮੇਤ ਵੱਡੀ ਗਿਣਤੀ ਨੌਜਵਾਨ ਤੇ ਆਗੂ ਹਾਜ਼ਰ ਸਨ । ਜੈਅੰਤੀ ਮੌਕੇ ਆਈਟੀਆਈ ਚੌਂਕ ਉੱਤੇ ਕੜੀ ਚੋਲ ਦਾ ਅਤੁੱਟ ਲੰਗਰ ਲਗਾਇਆ ਗਿਆ।