ਸਰਹੱਦੀ ਪਿੰਡ ਦੇ ਲੋਕਾਂ ਨੇ ਨਹੀਂ ਛੇੜਨ ਦਿੱਤੇ ਗੁਰਦੁਆਰਾ ਸਾਹਿਬ ਵਿੱਚੋਂ ਪਾਵਨ ਸਵਰੂਪ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 9 ਮਈ 2025 - ਦੋਨਾਂ ਦੇਸ਼ਾਂ ਵਿੱਚ ਬਣੀ ਤਨਾਵਪੂਰਨ ਸਥਿਤੀ ਅਤੇ ਪੁੰਛ ਵਿੱਚ ਗੁਰਦੁਆਰਾ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਬਾਰਡਰ ਏਰੀਏ ਦੇ ਨਾਲ ਲੱਗਦੇ ਗੁਰਦੁਆਰੇ ਸਾਹਿਬਾਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਜਗਾ ਦੇ ਉੱਤੇ ਲਜਾਇਆ ਜਾਵੇ ਜਿਸਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਪਏ ਪਾਵਨ ਸਰੂਪਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ ਅਤੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾ ਸਕੇ।
ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਕਾਨਾ ਵਿੱਚ ਜਦੋਂ ਐਸਜੀਪੀਸੀ ਕਮੇਟੀ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਜਣ ਤੋਂ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਆਪਣੀ ਜਾਨ ਦੇ ਕੇ ਵੀ ਪਾਵਨ ਸਰੂਪਾਂ ਦੀ ਰੱਖਿਆ ਕਰਨਗੇ। ਜੇਕਰ ਉਹਨਾਂ ਨੂੰ ਪਿੰਡ ਛੱਡਣਾ ਪਿਆ ਤਾਂ ਉਹ ਸਭ ਤੋਂ ਪਹਿਲਾਂ ਪਾਵਨ ਸਰੂਪਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣਗੇ ਅਤੇ ਬਾਅਦ ਵਿੱਚ ਪਿੰਡ ਛੱਡਣਗੇ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਪਿੰਡ ਵਿੱਚ ਪਾਵਨ ਸਰੂਪਾਂ ਦੀ ਪੂਰੀ ਭਾਵਨਾ ਦੇ ਨਾਲ ਸੇਵਾ ਸੰਭਾਲ ਕੀਤੀ ਜਾ ਰਹੀ।