ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ - ਡਿਪਟੀ ਕਮਿਸ਼ਨਰ
ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਸੂਚਨਾ ਪੁਲਿਸ ਨੂੰ ਦਿਓ - ਐੱਸ.ਐੱਸ.ਪੀ. ਗੁਰਦਾਸਪੁਰ
ਰੋਹਿਤ ਗੁਪਤਾ
ਗੁਰਦਾਸਪੁਰ, 9 ਮਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਉੱਤੇ ਆਪਣੀ ਨਜ਼ਰ ਰੱਖ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਐੱਸ.ਐੱਸ.ਪੀ. ਬਟਾਲਾ ਸ੍ਰੀ ਸੋਹੇਲ ਕਾਸਿਮ ਮੀਰ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਿਯ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਬਣਾ ਕੇ ਹੈਲਪ ਲਾਈਨ ਨੰਬਰ 01874-266376 ਜਾਰੀ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਵਾਸੀ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਇਸ ਨੰਬਰ 'ਤੇ ਸੰਪਰਕ ਕਰਕੇ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਕਿਹਾ ਬੀਤੀਆਂ ਦੋ ਰਾਤਾਂ ਨੂੰ ਬਲੈਕ ਆਊਟ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤੱਕ ਜ਼ਿਲ੍ਹੇ ਵਿੱਚ ਰੋਜ਼ਾਨਾਂ ਰਾਤ ਨੂੰ 9:00 ਵਜੇ ਤੋਂ ਸਵੇਰੇ 5:00 ਤੱਕ ਬਲੈਕ-ਆਊਟ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਵੀ ਇੰਨ-ਬਿੰਨ ਕੀਤੀ ਜਾਵੇ, ਕਿਉਂਕਿ ਇਹ ਲੋਕ ਹਿਤ ਲਈ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਡਿਫੈਂਸ ਦੇ ਉੱਚ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ, ਪੈਟਰੋਲ, ਡੀਜ਼ਲ, ਰਸੋਈ ਗੈਸ, ਦਵਾਈਆਂ, ਪਸ਼ੂਆਂ ਦੇ ਚਾਰੇ ਭਾਵ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੈ, ਇਸ ਲਈ ਬਿਨਾਂ ਲੋੜ ਤੋਂ ਵਾਧੂ ਸਮਗਰੀ ਖ਼ਰੀਦ ਕੇ ਕਾਲਾ ਬਾਜ਼ਾਰੀ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਉਨ੍ਹਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।
ਇਸੇ ਦੌਰਾਨ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ ਅਤੇ ਐੱਸ.ਐੱਸ.ਪੀ. ਬਟਾਲਾ ਸ੍ਰੀ ਸੋਹੇਲ ਕਾਸਿਮ ਮੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਸ ਪਈ ਚੀਜ਼ ਦਿਖਾਈ ਦਿੰਦੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਨਾ ਕਿ ਉਸ ਨਾਲ ਆਪ ਛੇੜਖ਼ਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਸਕੂਐਡ ਅਤੇ ਕਵਿਕ ਰਿਸਪਾਂਸ ਟੀਮਾਂ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆਂ ਹਨ, ਜੋ ਲੋੜ ਪੈਣ ਉੱਤੇ ਤੁਰੰਤ ਤੁਹਾਡੀ ਸਹਾਇਤਾ ਲਈ ਪਹੁੰਚਣਗੀਆਂ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਤੱਥਹੀਣ ਗੱਲਾਂ ਜਾਂ ਖ਼ਬਰਾਂ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਫ਼ਵਾਹਾਂ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।