ਸੰਤ ਸੀਚੇਵਾਲ ਵੱਲੋਂ ਬੂਟੇ ਲਗਾ ਕੇ ਮਨਾਇਆ ਗਿਆ ਸਿੱਖ ਵਾਤਾਵਰਣ ਦਿਵਸ
* ਵਿਸ਼ਵ ਦਰਿਆ ਦਿਵਸ ਮੌਕੇ ਨਦੀਆਂ ਤੇ ਦਰਿਆਵਾਂ ਨੂੰ ਬਚਾਉਣ ਦਾ ਸੱਦਾ
* ਪਵਿੱਤਰ ਬੁੱਢੇ ਦਰਿਆ ਸਾਡੀ ਵਿਰਾਸਤ ਜਿਸਨੂੰ ਸੰਭਾਲਣਾ ਸਾਡੀ ਜਿੰਮੇਵਾਰੀ
* ਚੇਤ ਮਹੀਨੇ ਤੋਂ ਸ਼ੁਰੂ ਹੋ ਰਹੇ ਨਵੇਂ ਸਾਲ ਦੀ ਸ਼ੁਰੂਆਤ ਰੁੱਖਾਂ ਨਾਲ ਸਾਂਝ ਪਾ ਕੇ ਕਰਨ ਦੀ ਅਪੀਲ
* ਸੰਤ ਲਾਲ ਸਿੰਘ ਜੀ ਦੀ 47ਵੀਂ ਬਰਸੀ ਦੇ ਸਮਾਗਮ ਸ਼ੁਰੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 14 ਮਾਰਚ 2025 - ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਨਿਰਮਲ ਕੁਟੀਆ ਸੀਚੇਵਾਲ ਵਿਖੇ ਹਰਬਲ ਤੇ ਵਿਰਾਸਤੀ ਬੂਟੇ ਲਗਾ ਕਿ ਸਿੱਖ ਵਾਤਾਵਰਣ ਦਿਵਸ ਮਨਾਇਆ। ਸੰਤ ਸੀਚੇਵਾਲ ਨੇ ਦੱਸਿਆ ਕਿ ਸਿੱਖ ਧਰਮ ਅਨੁਸਾਰ 1 ਚੇਤ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤੇ ਉਹਨਾਂ ਇਸ ਨਵੇਂ ਸਾਲ ਦੀ ਆਮਦ ਨੂੰ ਰੱੁਖਾਂ ਨਾਲ ਸਾਂਝ ਪਾ ਕੇ ਸ਼ੁਰੂ ਕਰਨ ਦੀ ਅਪੀਲ ਕੀਤੀ। ਇਹ ਪਵਿੱਤਰ ਦਿਹਾੜੇ ਤੇ ਹੀ ਕੁਦਰਤ ਨਾਲ ਪਿਆਰ ਕਰਨ ਵਾਲੇ ਸ੍ਰੀ ਗੁਰੂ ਹਰਰਾਇ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ, ਜਿਸਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਜਿਸਦਾ ਦੇਸੀ ਮਹੀਨੇ ਦੀ ਆਰੰਭਤਾ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਖਾਸ ਜ਼ਿਕਰ ਆਉਂਦਾ ਹੈ। ਇਸੇ ਦਿਨ ਵਿਸ਼ਵ ਦਰਿਆ ਦਿਵਸ ਵੀ ਮਨਾਇਆ ਜਾਂਦਾ ਹੈ।
ਸੰਗਤਾਂ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਰਲੀਮੈਂਟ ਹਾਊਸ ਵਿੱਚ ਜਲ ਸਰੋਤਾਂ ਬਾਰੇ ਬਣੀ ਸੰਸਦੀ ਕਮੇਟੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਉਹ ਕਾਫੀ ਗੰਭੀਰ ਹੈ ਤੇ ਉਸ ਦੇ ਹੱਲ ਵੱਲ ਸੋਚਣ ਦੀ ਸਖ਼ਤ ਲੋੜ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਅੱਜ ਜਦੋਂ ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਸਿੱਖ ਵਾਤਾਵਰਨ ਦਿਵਸ ਮਨਾ ਰਹੀ ਹੈ ਤਾਂ ਪਾਰਲੀਮੈਂਟ ਵਿੱਚ ਪੇਸ਼ ਕੀਤੀ ਪਾਣੀਆਂ ਦੀ ਸਥਿਤੀ ਬਾਰੇ ਚਰਚਾ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਪਾਣੀਆਂ ਵਿੱਚ ਆਈਆਂ ਭਾਰੀਆਂ ਧਾਤਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਪੰਜਾਬ ਦੇ 20 ਜ਼ਿਲ੍ਹੇ ਇਸ ਪ੍ਰਭਾਵਿਤ ਹਬ ਜਾਂ ਕਹਿ ਲਵੋਂ ਕਿ ਸਾਰਾ ਪੰਜਾਬ ਹੀ ਇਸ ਦੀ ਲਪੇਟ ਵਿੱਚ ਆਇਆ ਹੋਇਆ ਹੈ। ਨਾਲ ਲੱਗਦੇ ਗੁਆਂਢੀ ਸੂਬੇ ਦੇ ਵੀ ਕਈ ਜਿਲ੍ਹੇ ਧਰਤੀ ਹੇਠਲੇ ਪਾਣੀਆਂ ਵਿੱਚ ਆਰਸੈਨਿਕ ਨਾਈਟ੍ਰੇਟ ਸਮੇਤ ਹੋਰ ਭਾਰੀਆਂ ਧਾਤਾਂ ਘੁਲਣ ਦੀਆਂ ਰਿਪੋਰਟਾਂ ਆਈਆਂ ਹਨ। ਉਹਨਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਅਸਲ ਵਿੱਚ ਸੁਚੱਜੀ ਜੀਵਨ ਜਾਂਚ ਦਾ ਹੀ ਮਾਰਗਦਰਸ਼ਨ ਕਰਦਾ ਹੈ। ਉਹਨਾਂ ਕਿਹਾ ਕਿ ਮਨੱੁਖ ਨੇ ਕੁਦਰਤ ਜਿਵੇਂ ਛੇੜ ਛਾੜ ਕੀਤੀ ਤਿਉਂ ਤਿਉਂ ਹੀ ਉਸਨੇ ਦੁੱਖ ਭੋਗੇ ਹਨ। ਆਲਮੀ ਤਪਸ਼ ਇਸਦਾ ਪ੍ਰਤੱਖ ਪ੍ਰਮਾਣ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਜਿੱਥੇ ਅੱਜ ਸਿੱਖ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਕੌਮਾਂਤਰੀ ਦਰਿਆ ਦਿਵਸ ਵੀ ਮਨਾਇਆ ਜਾ ਰਿਹਾ ਹੈ। ਦੋਵੇਂ ਮਾਮਲੇ ਵਾਤਾਵਰਣ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਦਰਿਆ ਸਾਡੀਆਂ ਜੀਵਨ ਰੇਖਵਾਂ ਹੀ ਨਹੀਂ ਸਗੋਂ ਸਾਡੇ ਸਰੀਰ ਦੀਆਂ ਨਾੜੀਆਂ ਹਨ। ਇੰਨ੍ਹਾਂ ਦਰਿਆਵਾਂ ਦਾ ਪਲੀਤ ਹੋਣਾ ਬੜੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁਦਰਤੀ ਸੋਮਿਆ ਦੀ ਸੰਭਾਲ ਕੀਤੀ ਜਾਵੇ ਤੇ ਦਰਿਆਵਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਗੁਰਬਾਣੀ ਦੇ ਹਵਾਲਾ ਦਿੰਦਿਆ ਕਿਹਾ ਕਿ ਪਾਣੀ ਤੋਂ ਬਿਨ੍ਹਾਂ ਜੀਵਨ ਨਹੀਂ। ਉਹਨਾਂ ਪਵਿੱਤਰ ਬੁੱਢੇ ਦਰਿਆ ਦੀ ਕਾਰਸੇਵਾ ਦੀ ਚਰਚਾ ਕਰਿਦਆ ਕਿਹਾ ਕਿ ਬੁੱਢਾ ਦਰਿਆ ਸਾਡੀ ਵਿਰਾਸਤ ਹੈ ਜਿਸਨੂੰ ਸੰਭਾਲਣਾ ਸਾਡੀ ਮੁੱਢੀ ਜਿੰਮੇਵਾਰੀ ਹੈ।
ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਸਰਪੰਚ ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
ਨਵੇਂ ਸਾਲ ਦੇ ਆਮਦ ਦੀਆਂ ਦਿੱਤੀਆਂ ਵਧਾਈਆਂ : ਸੰਤ ਸੀਚੇਵਾਲ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਚੇਤ ਮਹੀਨੇ ਤੋਂ ਸ਼ੁਰੂ ਹੋ ਰਹੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਤਰ੍ਹਾ ਦੇ ਦਿਵਸ ਮਨਾਏ ਜਾਂਦੇ ਹਨ ਪਰ ਹਕੀਕੀ ਤੌਰ ‘ਤੇ ਲੋਕ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦੁਨੀਆਂ ਦਾ ਕੋਈ ਧਰਮ ਨਹੀਂ ਜੋ ਸਾਨੂੰ ਕੁਦਰਤ ਦੇ ਬਖਸ਼ੇ ਭੰਡਾਰਾਂ ਦਾ ਸਤਿਕਾਰ ਕਰਨਾਂ ਨਾ ਸਖਾਉਂਦਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਧਾਰਮਿਕ ਮੁੱਦੇ ਤੇ ਲੜਨਾ ਤਾਂ ਜਾਣਦੇ ਹਾਂ ਪਰ ਧਰਮ ਦੀ ਦਿੱਤੀ ਨਸੀਹਤ ‘ਤੇ ਚੱਲਣਾ ਨਹੀਂ ਚਹੁੰਦੇ।
ਬਾਕਸ ਆਈਟਮ: ਪਿੰਡ ਸੀਚੇਵਾਲ ਵਿਖੇ ਬਰਸੀ ਸਮਾਗਮ ਸ਼ੁਰੂ ਕਵੀ ਦਰਬਾਰ ਅੱਜ
ਸ਼੍ਰੀਮਾਨ ਸੰਤ ਲਾਲ ਸਿੰਘ ਜੀ 47ਵੀਂ ਬਰਸੀ ਨੂੰ ਸਮਰਪਿਤ ਪਿੰਡ ਸੀਚੇਵਾਲ ਵਿਖੇ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ। ਬਰਸੀ ਨੂੰ ਸਮਰਪਿਤ ਅੱਜ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਵਿੱਚ ਸੰਗਤਾਂ ਵਲੋਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰ ਦਿੱਤੇ ਗਏ। ਉਪਰੰਤ ਧਾਰਮਿਕ ਸਮਾਗਮ ਦੌਰਾਨ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਵਾਰਾਂ ਰਾਹੀਂ ਗੁਰਬਾਣੀ ਨਾਲ ਜੋੜਿਆ ਗਿਆ। ਉਹਨਾਂ ਆਪਣੀਆਂ ਵਾਰਾਂ ਰਾਹੀਂ ਸੰਤ ਲਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਕੀਤੇ। ਸੰਤ ਸੀਚੇਵਾਲ ਵੱਲੋ ਆਏ ਇਹਨਾਂ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ। ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਭਲਕੇ ਕਵੀ ਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਮੁੱਖ ਸਮਾਗਮ 16 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਦੂਰ ਦਰਾਡੇ ਤੋਂ ਮਹਾਂਪੁਰਖ ਹਾਜ਼ਰ ਹੋਣਗੇ ਤੇ ਪ੍ਰਵਚਨਾਂ ਦੀ ਸਾਂਝ ਪਾਉਣਗੇ।