16 ਮਾਰਚ ਨੂੰ ਅੰਤ੍ਰਿੰਗ ਕਮੇਟੀ ਮੈਬਰਾਂ ਨੁੰ ਮੰਗ ਪੱਤਰ ਦਿੱਤੇ ਜਾਣਗੇ: ਸੰਤ ਬਾਬਾ ਹਰਨਾਮ ਸਿੰਘ ਖਾਲਸਾ
ਚੰਡੀਗੜ 14 ਮਾਰਚ 2025 - ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ ਵਿਸ਼ੇਸ਼ ਸੱਦੇ ਤੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁਲਾਈ ਪੰਥਕ ਇਕਤੱਰਤਾ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਮੁੱਚੀਆ ਪੰਥਕ ਜਥੇਬੰਦੀਆਂ ਤੇ ਸੰਗਤ ਵੱਲੋ ਜੈਕਾਰਿਆਂ ਦੀ ਗੂੰਜ ਹੇਠ ਵਿੱਚ ਛੇ ਮਤੇ ਪਾਸ ਕੀਤੇ ਗਏ ਹਨ।
ਜਿਸ ਤਹਿਤ 16 ਮਾਰਚ ਨੂੰ ਸਵੇਰੇ 11 ਵਜੇ ਪੰਥਕ ਜਥੇਬੰਦੀਆਂ, ਸੰਤ ਸਮਾਜ ਜੱਥੇਬੰਦੀਆਂ, ਪੰਥ ਅਤੇ ਪੰਜਾਬ ਹਿਤੈਸ਼ੀ ਸੰਗਤਾਂ ਅੰਤ੍ਰਿੰਗ ਕਮੇਟੀ ਮੈਬਰਾਂ ਬਲਦੇਵ ਸਿੰਘ ਕਲਿਆਣ, ਸੁਖਹਰਪ੍ਰੀਤ ਸਿੰਘ ਰੋਡੇ, ਹਰਜਿੰਦਰ ਕੌਰ ਚੰਡੀਗੜ, ਸੁਰਜੀਤ ਸਿੰਘ ਗੜ੍ਹੀ, ਸ਼ੇਰ ਸਿੰਘ ਮੰਡਵਾਲਾ ਅਤੇ ਸੁਰਜੀਤ ਸਿੰਘ ਤੁਗਲਵਾਲਾ ਨੂੰ ਪਿਛਲੇ ਦਿੱਨਾਂ ਵਿੱਚ ਸਿੰਘ ਸਹਿਬਾਨ ਨੂੰ ਬੇਪਤ ਕਰਕੇ ਸੇਵਾ ਮੁੱਕਤ ਕਰਨ ਵਾਲੇ ਮਤਿਆਂ ਨੂੰ ਰੱਦ ਕਰਨ ਦੀ ਅਪੀਲ ਕਰਨਗੇ ਤੇ ਪੰਥਕ ਇਕੱਤਰਤਾ ਵਿੱਚ ਪਾਸ ਹੋਏ ਛੇ ਮਤਿਆਂ ਦੀ ਕਾਪੀ ਸੌਂਪਣਗੇ।
ਇੱਥੇ ਵਰਨਣਯੋਗ ਹੈ ਕਿ ਦੋ ਅੰਤ੍ਰਿੰਗ ਮੈਬਰਾਂ ਦੇ ਘਰ ਦੇ ਬਾਹਰ ਸੰਗਤਾਂ ਪਹਿਲਾਂ ਹੀ ਆਪਣਾ ਰੋਸ ਪ੍ਰਦਰਸਨ ਕਰ ਚੁੱਕੀਆਂ ਹਨ।