ਕਸ਼ਮੀਰੀ ਨੌਜਵਾਨ ਦੀ ਲੁੱਟ ਦੇ ਮਾਮਲੇ ਚ ਪੁਲਿਸ ਦੀ ਵੱਡੀ ਕਾਰਵਾਈ, ਪੁਲਿਸ ਨੇ ਇੱਕ ਦੋਸ਼ੀ ਕੀਤਾ ਗ੍ਰਿਫਤਾਰ
* ਸੁਲਤਾਨਪੁਰ ਲੋਧੀ ਪੁਲਿਸ ਦੀ ਕਾਰਵਾਈ ਤੋਂ ਖੁਸ਼ ਹੋਏ ਕਸ਼ਮੀਰੀ ਲੋਕਾਂ ਨੇ ਪੁਲਿਸ ਨੂੰ ਹਾਰ ਪਾ ਕੇ ਕੀਤਾ ਸਨਮਾਨਿਤ , ਕਿਹਾ ਪੁਲਿਸ ਨੇ 6 ਘੰਟੇ ਵਿੱਚ ਹੀ ਦੋਸ਼ੀ ਫੜ ਕੇ ਇਨਸਾਨੀਅਤ ਦਾ ਕੀਤਾ ਫਰਜ਼ ਅਦਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 19 ਜਨਵਰੀ 2025: ਕਸ਼ਮੀਰੀ ਨੌਜਵਾਨ ਨੂੰ ਜਖ਼ਮੀ ਕਰਕੇ ਲੁਟੇਰਿਆਂ ਨੇ ਲੁੱਟਖੋਹ ਕਰਨ ਦਾ ਸਮਾਚਾਰ ਬੀਤੇ ਦਿਨੀਂ ਪ੍ਰਾਪਤ ਹੋਇਆ ਸੀ।ਜਿਸ ਮਾਮਲੇ ਚ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਐਸਐਸਪੀ ਕਰਪੂਥਲਾ ਗੌਰਵ ਤੂਰਾ ਅਤੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਨੇ ਡੀਐਸਪੀ ਗੁਰਮੀਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਮਲੇ ਨੂੰ 6 ਘੰਟਿਆਂ ਵਿੱਚ ਹੀ ਸੁਝਾਅ ਲਿਆ ਹੈ ।
ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਡੀਐਸਪੀ ਗੁਰਮੀਤ ਸਿੰਘ ਸਿੱਧੂ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਇੰਸਪੈਕਟਰ ਹਰ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਾਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ। ਜਿਸ ਵਿੱਚ ਮੁਹੰਮਦ ਸਫੀ ਖੋਜਾ ਪੁੱਤਰ ਮੰਗਤਾ ਖੋਜਾ ਵਾਸੀ ਪਿੰਡ ਦਰਦਪੁਰਾ ਜਿਲ੍ਹਾ ਕੁਪਵਾੜਾ (ਜੰਮੂ ਕਸ਼ਮੀਰ) ਨੇ ਦੱਸਿਆ ਕਿ ਉਹ ਸਰਦੀਆਂ ਵਿੱਚ ਗਰਮ ਕੱਪੜੇ ਵੇਚਣ ਦਾ ਕੰਮ ਕਰਦੇ ਹਨ । ਉਹਨਾਂ ਨੇ ਦੱਸਿਆ ਕਿ ਉਹ ਮਿਤੀ 18 ਜਨਵਰੀ ਨੂੰ ਦੁਪਹਿਰ ਨੂੰ ਪੈਦਲ ਗਰਮ ਕੱਪੜੇ ਵੇਚਣ ਲਈ ਪਿੰਡ ਸ਼ਾਹਵਾਲਾ ਅੰਦਰੀਸਾ ਨੂੰ ਜਾ ਰਹੇ ਸਨ । ਤਾਂ ਰਸਤੇ ਚ ਇੱਕ ਮੋਟਰਸਾਈਲ ਤੇ ਤਿੰਨ ਨਕਾਬਪੋਸ਼ ਅੰਨਪਛਾਤੇ ਨੌਜਵਾਨ ਆਏ । ਜਿਨ੍ਹਾਂ ਨੇ ਆਉਣ ਦੇ ਸਾਰ ਹੀ ਮੇਰੇ ਸਿਰ ਦੇ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ।ਅਤੇ ਉਹਨਾਂ ਕੋਲੋ 12 ਹਜਾਰ ਰੁਪਏ ਨਗਦੀ ਅਤੇ ਕੱਪੜੇ ਖੋ ਕੇ ਫਰਾਰ ਹੋ ਗਏ ।
ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਗੰਭੀਰ ਰੂਪ ਚ ਜਖਮੀ ਹੋ ਗਿਆ । ਉਹਨਾਂ ਨੇ ਕਿਹਾ ਕਿ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਵਿੱਚ ਤਿੰਨ ਦੋਸ਼ੀਆਂ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਨੰਬਰ 12 ਦਰਜ ਕਰਕੇ ਦੋਸ਼ੀਆਂ ਦੀ ਗਿਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਪੁਲਿਸ ਨੇ 6 ਘੰਟੇ ਵਿਚ ਇਸ ਮਾਮਲੇ ਦੇ ਆਰੋਪੀ ਰਾਜਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਦੰਦੂਪੁਰ ਥਾਣਾ ਤਲਵੰਡੀ ਚੌਧਰੀਆਂ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਉਹਨਾਂ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਰਖਵਾਲੀ ਲਈ ਬਣੀ ਹੋਈ ਹੈ।
ਅਤੇ ਹਰ ਵਿਅਕਤੀ ਨੂੰ ਇਨਸਾਫ ਦਿਵਾਉਣ ਪੁਲਿਸ ਦਾ ਮੁੱਢਲਾ ਕਰਤੱਵ ਹੈ।
**ਥਾਣੇ ਪਹੁੰਚ ਕੇ ਪੁਲਿਸ ਦੇ ਅਧਿਕਾਰੀਆਂ ਨੂੰ ਹਾਰ ਪਾ ਕੇ ਕਸ਼ਮੀਰੀ ਲੋਕਾਂ ਨੇ ਕੀਤਾ ਸਨਮਾਨਿਤ, ਕਿਹਾ ਪੰਜਾਬ ਪੁਲਿਸ ਨੇ ਵਧਿਆ ਸਾਡਾ ਵਿਸ਼ਵਾਸ**
ਇਸ ਮੌਕੇ ਕਸ਼ਮੀਰੀ ਲੋਕਾਂ ਵੱਲੋਂ ਅੱਜ ਥਾਣਾ ਸੁਲਤਾਨਪੁਰ ਲੋਧੀ ਪਹੁੰਚ ਕੇ ਐਸਐਸਪੀ ਗੌਰਵ ਤੂਰਾ, ਡੀਐਸਪੀ ਗੁਰਮੀਤ ਸਿੰਘ ਸਿੱਧੂ, ਥਾਣਾ ਮੁਖੀ ਇੰਸਪੈਕਟਰ ਹਰ ਗੁਰਦੇਵ ਸਿੰਘ ਅਤੇ ਉਹਨਾਂ ਨਾਲ ਸਮੂਹ ਪੁਲਿਸ ਪਾਰਟੀ ਦਾ ਧੰਨਵਾਦ ਕੀਤਾ । ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਪੰਜਾਬ ਪੁਲਿਸ ਤੇ ਮਾਨ ਮਹਿਸੂਸ ਹੋ ਰਿਹਾ ।ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਤੇ ਸਾਡਾ ਵਿਸ਼ਵਾਸ ਵਧਿਆ ਹੈ। ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਾਨੂੰ 12 ਘੰਟਿਆਂ ਦਾ ਸਮਾਂ ਮੰਗਿਆ ਗਿਆ ਸੀ ।ਪਰੰਤੂ ਪੁਲਿਸ ਵੱਲੋਂ ਦੋਸ਼ੀ ਨੂੰ ਛੇ ਘੰਟੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਅਤੇ ਲੁੱਟ ਦੀ 20000 ਦੀ ਰਾਸ਼ੀ ਵੀ ਵਾਪਿਸ ਕਰ ਦਿੱਤੀ ਗਈ ਹੈ ।
ਜਿਸ ਕਾਰਨ ਸਾਡੇ ਸਾਰੇ ਕਸ਼ਮੀਰੀ ਲੋਕ ਖੁਸ਼ ਹਨ ਅਤੇ ਅਸੀਂ ਭਵਿੱਖ ਵਿੱਚ ਵੀ ਪੰਜਾਬ ਦੀ ਧਰਤੀ ਤੇ ਆਪਣਾ ਵਪਾਰ ਕਰਨ ਆਵਾਂਗੇ । ਇਸ ਮੌਕੇ ਉਹਨਾਂ ਨੇ ਫੁੱਲਾਂ ਦੇ ਹਾਰ ਭੇਟ ਕਰਕੇ ਪੁਲਿਸ ਦੇ ਆਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਧੰਨਵਾਦ ਕੀਤਾ ।