ਹਰਿਆਣਾ ਗੁਰਦਵਾਰਾ ਕਮੇਟੀ ਲਈ ਪਹਿਲੀ ਵਾਰ ਵੋਟਿੰਗ ਸ਼ੁਰੂ
ਐਚਐਸਜੀਐਮਸੀ ਦੇ ਗਠਨ ਦੇ 11 ਸਾਲਾਂ ਬਾਅਦ ਅੱਜ ਹੋ ਰਹੀ ਵੋਟਿੰਗ
39 ਵਾਰਡਾਂ ਤੋਂ ਚੋਣ ਲੜ ਰਹੇ 164 ਉਮੀਦਵਾਰ
3.50 ਲੱਖ ਵੋਟਰ ਆਪਣੀ ਵੋਟ ਪਾਉਣਗੇ, ਮਰਦਾਂ ਨਾਲੋਂ ਵੱਧ ਔਰਤਾਂ
ਚੰਡੀਗੜ੍ਹ : ਹਰਿਆਣਾ ਵਿੱਚ ਅੱਜ ਪਹਿਲੀ ਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਐਮਸੀ) ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਵੋਟਿੰਗ ਵੀ ਸ਼ੁਰੂ ਹੋ ਗਈ ਹੈ। ਭਾਵੇਂ ਇਹ ਚੋਣ ਕੁੱਲ 40 ਵਾਰਡਾਂ ਵਿੱਚ ਹੋਣੀ ਸੀ ਪਰ ਇੱਕ ਵਾਰਡ ਵਿੱਚੋਂ ਇੱਕ ਮੈਂਬਰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ ਜਿਸ ਕਰਕੇ ਹੁਣ ਸਿਰਫ਼ 39 ਵਾਰਡਾਂ ਵਿੱਚ ਹੀ ਚੋਣ ਹੋਵੇਗੀ।
ਇਸ ਚੋਣ ਵਿੱਚ ਕੁੱਲ 164 ਉਮੀਦਵਾਰਾਂ ਨੇ ਚੋਣ ਲੜੀ ਹੈ। ਕੁੱਲ 3.50 ਲੱਖ ਵੋਟਰ ਵੋਟਿੰਗ ਵਿੱਚ ਹਿੱਸਾ ਲੈਣਗੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਉੱਥੇ ਹੀ ਗਿਣਤੀ ਹੋਵੇਗੀ ਅਤੇ ਅੱਜ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ।
ਸੂਬੇ ਦੇ 40 ਵਾਰਡਾਂ ਵਿੱਚ ਕੁੱਲ 164 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ, "ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ।"
ਵਾਰਡ ਨੰਬਰ 1 (ਕਾਲਕਾ) ਅਤੇ ਵਾਰਡ ਨੰਬਰ 2 (ਪੰਚਕੂਲਾ) ਵਿੱਚ ਕਾਲਕਾ ਅਤੇ ਪੰਚਕੂਲਾ ਦੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਦਿਲਚਸਪ ਹੈ। ਕਾਲਕਾ ਵਿੱਚ ਉਜਾਗਰ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਅਤੇ ਸੁਜਿੰਦਰ ਸਿੰਘ ਵਿਚਕਾਰ ਚੋਣ ਲੜਾਈ ਹੈ। ਜਦੋਂ ਕਿ ਪੰਚਕੂਲਾ ਵਾਰਡ ਤੋਂ ਪਿਆਰਾ ਸਿੰਘ, ਗੁਰਸੇਵਕ ਸਿੰਘ, ਜਗਜੀਤ ਸਿੰਘ, ਸਵਰਨ ਸਿੰਘ, ਜਗਮੋਹਨ ਸਿੰਘ ਅਤੇ ਗੁਰਚਰਨ ਸਿੰਘ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਸ਼ਾਂਤਮਈ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਉਪਾਅ
ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਪਹਿਲੀ ਚੋਣ, ਵੱਡੀਆਂ ਉਮੀਦਾਂ
HSGPC ਦੀ ਇਸ ਪਹਿਲੀ ਚੋਣ ਨੇ ਸਿੱਖ ਕੌਮ ਵਿੱਚ ਭਾਰੀ ਉਤਸ਼ਾਹ ਪੈਦਾ ਕੀਤਾ ਹੈ। ਵੋਟਰਾਂ ਅਤੇ ਉਮੀਦਵਾਰਾਂ ਨੂੰ ਉਮੀਦ ਹੈ ਕਿ ਇਹ ਚੋਣ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਅਤੇ ਸੁਧਾਰ ਲਿਆਵੇਗੀ।