ਅਜਨਾਲਾ ਹਲਕੇ ਦੇ ਹਰੇਕ ਪਿੰਡ ਦੇ ਪੰਜ ਕਿਲੋਮੀਟਰ ਘੇਰੇ ਵਿੱਚ ਹੋਵੇਗੀ ਪਸ਼ੂ ਡਿਸਪੈਂਸਰੀ- ਧਾਲੀਵਾਲ
- ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨੇ, ਮੀਟਿੰਗਾਂ ਵਿੱਚ ਸਮਾਂ ਬਰਬਾਦ ਨਾ ਕਰੇ -ਧਾਲੀਵਾਲ
ਅਜਨਾਲਾ 19 ਜਨਵਰੀ 2025 - ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਚਾਰ ਪਿੰਡਾਂ ਜਗਦੇਵ ਖੁਰਦ, ਸਾਰੰਗਦੇਵ, ਕਾਮਲਪੁਰਾ ਅਤੇ ਮੱਦੂਸਾਂਗਾ ਵਿੱਚ ਲਗਭਗ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਪਸੂ ਡਿਸਪੈਂਸਰੀਆਂ ਦੇ ਉਦਘਟਨ ਕਰਨ ਮਗਰੋਂ ਐਲਾਨ ਕੀਤਾ ਕਿ ਅਜਨਾਲਾ ਹਲਕੇ ਦੇ ਹਰੇਕ ਪਿੰਡ ਨੂੰ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਪਸ਼ੂ ਡਿਸਪੈਂਸਰੀ ਦੀ ਸਹੂਲਤ ਮਿਲੇਗੀ ।ਉਹਨਾਂ ਕਿਹਾ ਕਿ ਇਹ ਡਿਸਪੈਂਸਰੀਆਂ ਦੇ ਨਾਲ ਨਾਲ ਹੋਰ ਡਿਸਪੈਂਸਰੀ ਦਾ ਕੰਮ ਵੀ ਚੱਲ ਰਿਹਾ ਹੈ ਜੋ ਕਿ 31 ਮਾਰਚ ਤੱਕ ਪੂਰਾ ਹੋਵੇਗਾ ਅਤੇ ਬਾਕੀ ਡਿਸਪੈਂਸਰੀਆਂ ਦਾ ਕੰਮ ਨਵੇਂ ਬਜਟ ਵਿੱਚੋਂ ਪੈਸੇ ਮਿਲਣ ਮਗਰੋਂ ਸ਼ੁਰੂ ਕਰਵਾਇਆ ਜਾਵੇਗਾ, ਪਰ ਇਸ ਸਹੂਲਤ ਇਨਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਹੀ ਪੰਚਾਇਤ ਘਰਾਂ ਦਾ ਕੰਮ ਵੀ ਪਿੰਡਾਂ ਵਿੱਚ ਚੱਲ ਰਿਹਾ ਹੈ, ਜੋ ਕਿ ਛੇਤੀ ਹੀ ਪੂਰਾ ਹੋਵੇਗਾ।
ਧਾਲੀਵਾਲ ਨੇ ਦੱਸਿਆ ਕਿ ਧੁੱਸੀ ਬੰਨ ਦੇ ਨਾਲ ਨਾਲ 78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਮੌਸਮ ਬਦਲਣ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹਲਕੇ ਦੇ ਵਿੱਚ ਕੰਮ ਲਗਾਤਾਰ ਜਾਰੀ ਹਨ ਅਤੇ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕੀਤਾ ਜਾਵੇ ।
ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਦਿੱਤੇ ਗਏ ਸੱਦੇ ਦਾ ਸਵਾਗਤ ਕਰਦੇ ਹੋਏ ਸ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਕੇਂਦਰ ਅਣਜਾਣ ਨਹੀਂ ਹੈ। ਇਸ ਤੋਂ ਪਹਿਲਾਂ ਦਿੱਲੀ ਧਰਨੇ ਵਿੱਚ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਸਨ ਅਤੇ ਕੇਂਦਰ ਨੇ ਗੱਲਾਂ ਮੰਨ ਵੀ ਲਈਆਂ ਸਨ ਪਰ ਉਸ ਤੋਂ ਕੇਂਦਰ ਸਰਕਾਰ ਮੁੱਕਰ ਗਈ। ਹੁਣ ਕੇਂਦਰ ਸਰਕਾਰ ਨੂੰ ਮੀਟਿੰਗਾਂ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਬਲਕਿ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਪ੍ਰਵਾਨ ਕਰਕੇ ਐਲਾਨ ਕਰਨਾ ਚਾਹੀਦਾ ਹੈ।