ਰੋਡਵੇਜ਼ ,ਪਨਬਸ ਅਤੇ ਪੀਆਰਟੀਸੀ ਬੱਸਾਂ ਦਾ ਤਿੰਨ ਰੋਜ਼ਾ ਚੱਕਾ ਜਾਮ ਅੱਜ ਤੋਂ ਹੋ ਗਿਆ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ , 6 ਜਨਵਰੀ 2025 :
ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਮੁਲਾਜ਼ਮ ਤਿੰਨ ਰੋਜ਼ਾ ਚੱਕਾਜਾਮ ਹੜਤਾਲ ਅੱਜ ਸ਼ੁਰੂ ਹੋ ਗਈ ਹੈ, ਜਿਸ ਕਾਰਨ ਬਟਾਲਾ ਵਿਖੇ ਯਾਤਰੀ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ। ਰੋਡਵੇਜ਼ ਡੀਪੂ ਹੋਣ ਕਾਰਨ ਇੱਥੋਂ ਲੋਂਗ ਰੂਟ ਦੀਆਂ ਬੱਸਾਂ ਵੀ ਚੱਲਦੀਆਂ ਹਨ ਜਦ ਕਿ ਕੱਚੇ ਮੁਲਾਜ਼ਮ ਅਤੇ ਆਊਟਸੋਰਸ ਮੁਲਾਜ਼ਮ ਹੜਤਾਲ ਤੇ ਚਲੇ ਜਾਣ ਕਾਰਨ ਰੋਡਵੇਜ਼ ਪੀਆਰਟੀਸੀ ਅਤੇ ਪਨਬਸ ਦੀਆਂ 90 ਫੀਸਦੀ ਬੱਸਾਂ ਦੇ ਚੱਕੇ ਜਾਮ ਹੋ ਗਏ ਹਨ। ਕੱਚੇ ਮੁਲਾਜ਼ਮਾਂ ਦੀ ਇਹ ਕਾਰਵਾਈ ਆਪਣੀਆਂ ਲੰਬੇ ਸਮੇਂ ਤੋਂ ਲਟਕ ਵੀ ਆ ਰਹੀਆਂ ਹਨ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਮੁਲਾਜ਼ਮ ਆਗੂਆ ਨੇ ਦੱਸਿਆ ਕਿ ਅੱਜ ਵੱਖ-ਵੱਖ ਡੀਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਸੱਤ ਤਰੀਕ ਨੂੰ ਚੰਡੀਗੜ੍ਹ ਵਿਖੇ ਸੀ ਐਮ ਹਾਊਸ ਘੇਰਿਆ ਜਾਵੇਗਾ ਜਦਕਿ 8 ਜਨਵਰੀ ਨੂੰ ਵੀ ਪੂਰਨ ਹੜਤਾਲ ਰਹੇਗੀ ਅਤੇ ਸਾਰੀਆਂ ਬੱਸਾਂ ਦਾ ਚੱਕਾ ਜਾਮ ਰਹੇਗਾ । ਉਹਨਾਂ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚੋਂ ਲੰਬੇ ਸਮੇਂ ਤੋਂ ਹੀ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ , ਆਊਟ ਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਇੱਕ ਸਾਰਤਾ, ਨਵੀਆਂ ਬੱਸਾਂ ਪਾਉਣਾ ਅਤੇ ਬਾਹਰੀ ਸੂਬਿਆਂ ਦੇ ਮੁਲਾਜ਼ਮਾਂ ਦੀ ਭਰਤੀ ਨੂੰ ਬੰਦ ਕਰਨਾ ਆਦਿ ਹਨ ਜਿਨਾਂ ਬਾਰੇ ਕਈ ਵਾਰ ਸੂਬਾ ਸਰਕਾਰ ਦੇ ਮੰਤਰੀਆਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਸਰਕਾਰ ਵੱਲੋਂ ਬਾਰ ਬਾਰ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੂੰ ਲਾਲੀਪਾਪ ਥਮਾ ਦਿੱਤਾ ਗਿਆ ਹੈ।