ਯਾਦਾਂ 2024- ਸੰਤ ਸੀਚੇਵਾਲ: ਪਾਰਲੀਮੈਂਟ ਵਿੱਚ ਬਣੇ ਅੰਨਦਾਤਾ ਦੀ ਆਵਾਜ਼ ਤੇ ਵਿਦੇਸ਼ਾਂ ਵਿੱਚ ਫਸੇ ਬੇਸਹਾਰਿਆਂ ਲਈ ਸਹਾਰਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 29 ਦਸੰਬਰ 2024 ਸਾਲ 2024 ਦੌਰਾਨ ਜਿੱਥੇ ਸੰਤ ਸੀਚੇਵਾਲ ਸੰਸਦ ਵਿੱਚ ਅੰਨਦਾਤਾ ਕਿਸਾਨਾਂ ਦੀ ਆਵਾਜ਼ ਬਣੇ, ਦੂਜੇ ਪਾਸੇ ਉਹ ਵਿਦੇਸ਼ਾਂ ਵਿੱਚ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਰਹੇ। ਜਾਣਕਾਰੀ ਅਨੁਸਾਰ ਉਹ ਦੇਸ਼ ਦੇ ਪਹਿਲੇ ਅਜਿਹੇ ਸੰਤ ਹਨ, ਜਿਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਖੁੱਲ੍ਹ ਕੇ ਸੰਸਦ ਵਿੱਚ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਹੈ। ਉਨ੍ਹਾਂ ਨੇ ਸਾਲ 2024 ਦੌਰਾਨ ਰਾਜ ਸਭਾ ਵਿੱਚ ਜਿੰਨੇ ਵੀ ਮੁੱਦੇ ਉਠਾਏ, ਉਨ੍ਹਾਂ ਵਿੱਚੋਂ ਜ਼ਿਆਦਾਤਰ ਖੇਤੀਬਾੜੀ ਤੇ ਕਿਸਾਨੀ ਨਾਲ ਸਬੰਧਤ ਹਨ। ਸੰਸਦ ਮੈਂਬਰ ਸੰਤ ਸੀਚੇਵਾਲ ਦੀ ਖਾਸ ਗੱਲ ਇਹ ਹੈ ਕਿ ਉਹ ਹਰ ਕਿਸੇ ਲਈ ਆਸਾਨੀ ਨਾਲ ਉਪਲਬਧ ਹਨ ਅਤੇ ਉਹ ਇੰਨੇ ਦ੍ਰਿੜ ਹਨ ਕਿ ਜਦੋਂ ਉਹ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਉਹ ਉਸ ਨੂੰ ਪੂਰਾ ਕਰਨ ਦਾ ਪ੍ਰਬੰਧ ਕਰਦੇ ਹਨ। ਇਸ ਸਾਲ ਹੋਰਨਾਂ ਸੰਸਦ ਮੈਂਬਰਾਂ ਦੇ ਮੁਕਾਬਲੇ ਸੰਤ ਸੀਚੇਵਾਲ ਨੇ ਵਿਦੇਸ਼ਾਂ ਨਾਲ ਸਬੰਧਤ ਸਭ ਤੋਂ ਵੱਧ ਕੇਸਾਂ ਦਾ ਹੱਲ ਕੀਤਾ ਹੈ। ਇਸ ਸਾਲ ਜਿੱਥੇ ਉਹਨਾਂ ਨੇ ਵਿਦੇਸ਼ਾਂ ਤੋਂ 17 ਮ੍ਰਿਤਕ ਦੇਹਾਂ ਲਿਆ ਕੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਹੰਝੂ ਪੂੰਝੇ, ਉੱਥੇ ਹੀ ਧੋਖੇਬਾਜ਼ੀ ਕਾਰਨ ਸਰੀਰਕ ਅਤੇ ਮਾਨਸਿਕ ਤਸੀਹੇ ਝੱਲ ਰਹੀਆਂ 30 ਦੇ ਕਰੀਬ ਧੀਆਂ ਨੂੰ ਲਿਆ ਕੇ ਦਰਜਨਾਂ ਪਰਿਵਾਰਾਂ ਦੀ ਮਦਦ ਵੀ ਕੀਤੀ। ਭਾਵੇਂ ਸਾਲ ਦੇ ਦਿਨ ਲਗਭਗ ਖਤਮ ਹੋ ਗਏ ਹਨ। ਪਰ ਬੇਸਹਾਰਾ ਲੋਕਾਂ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸ਼ਖ਼ਸੀਅਤ ਵਿੱਚ ਹਮੇਸ਼ਾ ਆਸ ਦੀ ਕਿਰਨ ਨਜ਼ਰ ਆਉਂਦੀ ਹੈ।
ਸਦਨ ਵਿੱਚ ਕਿਹੜੇ ਮੁੱਦਿਆਂ 'ਤੇ ਧਿਆਨ ਰੱਖਿਆ ਕੇਂਦਰਿਤ :
ਮਾਨਸੂਨ ਸੈਸ਼ਨ ਅਤੇ ਪਿਛਲੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣਾ ਸਾਰਾ ਧਿਆਨ ਕਿਸਾਨਾਂ ਦੀਆਂ ਮੰਗਾਂ 'ਤੇ ਕੇਂਦਰਿਤ ਕੀਤਾ, ਜਿਸ 'ਚ ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ, ਪੰਜਾਬ ਨੂੰ ਫਸਲੀ ਚੱਕਰ 'ਚੋਂ ਬਾਹਰ ਕੱਢਣ ਦੀ ਗੱਲ ਕੀਤੀ। ਉਹਨਾਂ ਵਾਹਘਾ ਸਰਹੱਦ ਨੂੰ ਖੋਹਲਣ ਸਮੇਤ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਦੇ ਨਾਲ-ਨਾਲ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਆਦਿ ਮੁੱਦੇ ਵੀ ਸਦਨ ਵਿੱਚ ਰੱਖੇ।
ਪੱਤਰ ਰਾਹੀਂ ਉਠਾਈ ਆਵਾਜ਼:
ਭਾਵੇਂ ਸਰਦ ਰੁੱਤ ਇਜਲਾਸ ਹੰਗਾਮੇ ਦੀ ਭੇਂਟ ਚੜਿਆ ਰਿਹਾ ਪਰ ਸੰਤ ਸੀਚੇਵਾਲ ਨੇ ਪੰਜਾਬ ਦੇ ਸੰਘਰਸ਼ੀ ਕਿਸਾਨਾਂ ਦੀ ਅਵਾਜ਼ ਦੇਸ਼ ਦੇ ਉਪ ਰਾਸ਼ਅਟਰਪਤੀ ਸ੍ਰੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਤੱਕ ਇਕ ਪੱਤਰ ਰਾਹੀਂ ਪਹੁੰਚਾਈ। ਉਨ੍ਹਾਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਦਾ ਮੁੱਦਾ ਉਠਾਉਂਦਿਆਂ ਕਿਸਾਨਾਂ ਦੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ।
ਰੂਸ-ਯੂਕਰੇਨ ਜੰਗ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਇੱਕ ਵੱਡੀ ਪ੍ਰਾਪਤੀ:
2024 ਸਾਲ ਦੀ ਸ਼ੁਰੂਆਤ ਵਿੱਚ, ਰੂਸੀ ਫੌਜ ਵਿੱਚ ਭਾਰਤੀ ਨੌਜਵਾਨਾਂ ਦੀ ਭਰਤੀ ਦਾ ਮੁੱਦਾ ਮੀਡੀਆ ਵਿੱਚ ਆਪਣੇ ਸਿਖਰ 'ਤੇ ਸੀ। ਇਸ ਸਭ ਨੂੰ ਗੰਭੀਰਤਾ ਨਾਲ ਲੈਂਦਿਆਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰਾਂ ਤੋਂ ਮਿਲੇ ਮੰਗ ਪੱਤਰ ਨੂੰ ਪਹਿਲ ਦਿੱਤੀ। ਉਹ ਬਿਨਾਂ ਕਿਸੇ ਦੇਰੀ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਿਲੇ ਅਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਪੱਤਰ ਰਾਹੀਂ ਸੰਤ ਸੀਚੇਵਾਲ ਨੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ। ਜਿਸ ਕਾਰਨ ਔਖੇ ਹਾਲਾਤਾਂ ਵਿੱਚ ਫਸੇ ਇਨ੍ਹਾਂ ਨੌਜਵਾਨਾਂ ਵਿੱਚੋਂ ਜ਼ਿਆਦਾਤਰ ਆਪਣੇ ਪਰਿਵਾਰਾਂ ਕੋਲ ਸੁਰੱਖਿਅਤ ਪਰਤ ਆਏ ਹਨ।