ਵੱਡੀ ਖ਼ਬਰ: ਗ੍ਰੰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਤੜਕੇ ਕਰੀਬ 2 ਵਜੇ ਡਿਊਟੀ ਤੋਂ ਵਾਪਸ ਘਰ ਪਰਤਦੇ ਹੋਏ ਵਾਪਰੀ ਘਟਨਾ
ਬੇਰਹਿਮੀ ਦੇ ਨਾਲ ਸਰੀਰ ਤੇ ਕੀਤੇ ਗਏ ਹਥਿਆਰਾਂ ਦੇ ਕਈ ਵਾਰ
ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਬਿਆਸ ਪੁਲਿਸ
ਬਲਰਾਜ ਸਿੰਘ ਰਾਜਾ
ਬਿਆਸ - ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਤੋਂ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੀ ਦੇਰ ਰਾਤ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਡਿਊਟੀ ਤੋਂ ਵਾਪਸ ਪਰਤ ਰਹੇ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਦਾ ਬੇਹਦ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।।।
ਇਸ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਦੇਰ ਰਾਤ ਜਿਸ ਜਗ੍ਹਾ ਦੇ ਉੱਤੇ ਪਾਠੀ ਸਿੰਘ ਦਾ ਕਤਲ ਕੀਤਾ ਗਿਆ ਹੈ ਉਸ ਤੋਂ ਮਹਿਜ਼ ਕੁਝ ਹੀ ਮੀਟਰ ਦੇ ਉੱਤੇ ਪੁਲਿਸ ਚੌਂਕੀ ਰਈਆ ਮੌਜੂਦ ਹੈ। ਲੇਕਿਨ ਬਾਵਜੂਦ ਇਸਦੇ ਹਾਈ ਅਲਰਟ ਤੇ ਹੋਣ ਦਾ ਦਾਅਵਾ ਕਰ ਰਹੀ ਬਿਆਸ ਪੁਲਿਸ ਕਿੰਨੀ ਕੁ ਚੌਕਸ ਹੈ ਇਸ ਤੋਂ ਸਾਫ ਪਤਾ ਲੱਗ ਰਿਹਾ ਹੈ।
ਥਾਣਾ ਬਿਆਸ ਦੇ ਐਸਐਚਓ ਗਗਨਦੀਪ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੱਦ ਥਾਣਾ ਬਿਆਸ ਵਜੋਂ ਹੋਈ ਹੈ।।
ਜੋ ਕਿ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਵਜੋਂ ਡਿਊਟੀ ਕਰਦਾ ਸੀ ਅਤੇ ਕੱਲ ਸ਼ਾਮ 7 ਵਜੇ ਪਿੰਡ ਤੋਂ ਬਾਬਾ ਬਕਾਲਾ ਸਾਹਿਬ ਡਿਊਟੀ ਕਰਨ ਗਿਆ ਸੀ ਅਤੇ ਤੜਕੇ ਕਰੀਬ 2 ਵਜੇ ਡਿਊਟੀ ਤੋਂ ਬਾਅਦ ਸਾਈਕਲ ਤੇ ਵਾਪਸ ਪਿੰਡ ਪਰਤ ਰਿਹਾ ਸੀ ਕਿ ਇਸ ਦੌਰਾਨ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਕਥਿਤ ਤੌਰ ਦੇ ਉੱਤੇ ਰਮਨਦੀਪ ਸਿੰਘ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।
ਮੁਢਲੀ ਜਾਂਚ ਪੜਤਾਲ ਦੇ ਵਿੱਚ ਉਕਤ ਮਾਮਲਾ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਿਸ ਵਜਹਾ ਜਾਂ ਰੰਜਿਸ਼ ਦੇ ਨਾਲ ਪਿੰਡ ਦੇ ਹੀ ਵਿਅਕਤੀ ਕਥਿਤ ਮੁਲਜ਼ਮ ਸਾਹਿਬ ਸਿੰਘ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਤਲ ਦੇ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਅਤੇ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਘਟਨਾ ਸਥਾਨ ਦੇ ਉੱਤੇ ਫੋਰੈਂਸਿਕ ਟੀਮਾਂ ਵੱਲੋਂ ਪਹੁੰਚ ਕੇ ਜਰੂਰੀ ਤੱਥ ਇਕੱਤਰ ਕੀਤੇ ਜਾ ਰਹੇ ਹਨ।।।
ਉਹਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਬਿਆਸ ਦੇ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕਥਿਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।।