MP (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ `ਚ 1984 `ਚ ਸ੍ਰੀ ਹਰਿਮੰਦਰ ਸਾਹਿਬ `ਤੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ `ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਹੱਥ ਲਿਖਤ ਬੀੜਾਂ ਨੂੰ ਜਬਤ ਕੀਤੇ ਜਾਣ ਦਾ ਮੁੱਦਾ ਸੰਸਦ `ਚ ਚੁੱਕਿਆ
ਹਰਜਿੰਦਰ ਸਿੰਘ ਭੱਟੀ
- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ `ਚੋਂ ਜਬਤ ਕੀਤੀਆਂ ਦੁਰਲੱਭ ਪੁਸਤਕਾਂ ਤੇ ਹੱਥ ਲਿਖਤ ਬੀੜਾਂ ਦੇ ਰਿਕਾਰਡ ਮੁਤਾਬਕ ਸਾਰੇ ਦਸਤਾਵੇਜਾਂ ਨੂੰ ਹੂ-ਬ-ਹੂ ਸਥਾਪਿਤ ਕਰਨ ਦੀ ਕੀਤੀ ਮੰਗ
- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 12613 ਦੁਰਲੱਭ ਪੁਸਤਕਾਂ, 512 ਹੱਥ ਲਿਖਤ ਬੀੜਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ `ਚ ਮੁੜ ਤੋਂ ਸਥਾਪਤ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ, 6 ਦਸੰਬਰ 2024 - ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਜਨਵਰੀ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਨਾਲ ਜੁੜਿਆ ਅਹਿਮ ਮੁੱਦਾ ਸੰਸਦ `ਚ ਚੁੱਕਿਆ ਗਿਆ।
ਸੰਸਦ ਦੇ ਚੱਲ ਰਹੇ ਸਰਦਰੁੱਤ ਇਜਲਾਸ ਦੌਰਾਨ ਅੱਜ ਧਿਆਨ ਦਿਓ ਮਤਾ ਦੇ ਮਾਧਿਅਮ ਨਾਲ ਸਦਨ ਵਿਚ ਇਹ ਮੁੱਦਾ ਉਠਾਉਂਦੇ ਹੋਏ ਕਿਹਾ, 40 ਸਾਲ ਪਹਿਲਾਂ 1984 ਵਿਚ ਕਾਂਗਰਸ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ `ਤੇ ਹਮਲਾ ਕੀਤਾ ਸੀ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ। ਲਾਇਬ੍ਰੇਰੀ ਵਿਚ ਸਿੱਖ ਗੁਰੂ ਸਾਹਿਬਾਨ, ਸੰਤਾਂ ਤੇ ਭਗਤਾਂ ਵੱਲੋਂ ਲਿਖੀਆਂ ਹੋਈਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਦਾ ਸਰਮਾਇਆ ਸੀ, ਜੋ ਹਮਲੇ ਦੇ ਦੌਰਾਨ ਨੁਕਸਾਨਿਆ ਗਿਆ ਜਾਂ ਏਜੰਸੀਆਂ ਵੱਲੋਂ ਜਬਤ ਕਰ ਲਿਆ ਗਿਆ।
ਸੰਸਦ ਮੈਂਬਰ ਸੰਧੂ ਨੇ ਇਸ ਮੁੱੱਦੇ ਨੂੰ ਉਠਾਉਂਦੇ ਹੋਏ ਸਪੱਸ਼ਟੀਕਰਨ ਦੇਣ ਦੀ ਵੀ ਮੰਗ ਕੀਤੀ ਗਈ ਤਾਂ ਜੋ ਕੋਈ ਸ਼ੰਕਾ ਨਾ ਰਹੇ ਅਤੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਹੋਏ ਸਾਰੀਆਂ ਦੁਰਲੱਭ ਹੱਥ ਲਿਖਤ ਰਚਨਾਵਾਂ ਨੂੰ ਉਸੇ ਰੂਪ ਵਿਚ ਮੁੜ ਤੋਂ ਸਥਾਪਿਤ ਕਰਨ ਦੀ ਮੰਗ ਵੀ ਕੀਤੀ।
ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮੁੱਦੇ ਨੂੰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਨਾਲੰਦਾ ਯੂਨੀਵਰਸਿਟੀ ਨਾਲ ਜੋੜਦੇ ਹੋਏ ਕਿਹਾ ਕਿ 13ਵੀਂ ਸਦੀ ਵਿਚ ਫਾਰਸੀ ਇਤਿਹਾਸਕਾਰ ਮਿਨਹਾਸ ਅਲ-ਸਿਰਾਜ ਨੇ ਨਾਲੰਦਾ ਯੂਨੀਵਰਸਿਟੀ ਉੱਤੇ ਬਖ਼ਤਿਆਰ ਖਿਲਜੀ ਦੇ ਹਮਲੇ ਬਾਰੇ ਲਿਖਿਆ ਹੈ ਕਿ ਜਦੋਂ ਨਾਲੰਦਾ ਤਬਾਹ ਕੀਤੀ ਗਈ ਸੀ, ਤਾਂ ਗਿਆਨ ਦੀ ਪੂਰੀ ਪ੍ਰਥਾ ਨੂੰ ਸਾੜ ਕੇ ਰਾਖ ਕਰ ਦਿੱਤੀ ਗਈ ਸੀ, ਜੋ ਪੂਰੀ ਮਾਨਵਤਾ ਦਾ ਮਾਰਗਦਰਸ਼ਨ ਕਰਦੀ ਸੀ।
ਇਸੇੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ `ਤੇ ਕੀਤੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਇਤਿਹਾਸਤਕ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਕਾਰਨ ਸਿੱਖ ਗੁਰੂ ਸਾਹਿਬਾਨਾਂ, ਸੰਤਾਂ ਤੇ ਭਗਤਾਂ ਦੀਆਂ ਲਿਖੀਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਹੋਰ ਧਾਰਮਿਕ ਪੁਸਤਕਾਂ ਦਾ ਸ੍ਰੀ ਦਰਬਾਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਹਿਤਕ ਸਰਮਾਇਆ ਨਸ਼ਟ ਹੋ ਗਿਆ ਸੀ।
ਮੀਡੀਆ ਤੇ ਐੱਸਜੀਪੀਸੀ ਦੀ ਇੱਕ ਰਿਪੋਰਟ ਮੁਤਾਬਕ, ਲਾਇਬ੍ਰੇਰੀ ਵਿੱਚ 12,613 ਦੁਰਲੱਭ ਪੁਸਤਕਾਂ ਅਤੇ 512 ਹੱਥ ਲਿਖਤ ਬੀੜ, 2500 ਦੇ ਕਰੀਬ ਹੱਥ ਲਿਖਤ ਸਿੱਖ ਧਾਰਮਿਕ ਗ੍ਰੰਥ ਤੇ 20-25 ਹੁਕਮਨਾਮੇ ਸਨ, 1984 ਤੋਂ ਲੈ ਕੇ ਹੁਣ ਤਕ ਐੱਸਜੀਪੀਸੀ ਸਮੇਤ ਸਿੱਖਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਇਹ ਮੁੱਦਾ ਉਠਾਉਂਦੀਆਂ ਰਹੀਆਂ ਹਨ, ਪਰ ਹਾਲੇ ਤੱਕ ਇਸ ਦਾ ਹੱਲ ਨਹੀਂ ਹੋ ਸਕਿਆ ਹੈ।