Special Story ਫੁੱਲਾਂ ਦੀ ਖੇਤੀ ਨੇ ਮਹਿਕਾਈ ਧੀਆਂ ਲਈ ਰਾਹ ਦਸੇਰਾ ਬਣੀ ਅਮਨਜੀਤ ਕੌਰ ਦੀ ਜਿੰਦਗੀ
ਅਸ਼ੋਕ ਵਰਮਾ
ਮਾਨਸਾ, 21 ਦਸੰਬਰ 2025: ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦੀ ਅਮਨਜੀਤ ਕੌਰ ਫੁੱਲਾਂ ਦੀ ਕਾਸ਼ਤ ਨਾਲ ਜਿੱਥੇ ਨੌਜਵਾਨਾਂ ਲਈ ਉਦਾਹਰਨ ਬਣੀ ਹੈ, ਉੱਥੇ ਉਸ ਨੂੰ ਆਪਣੇ ਪਰਿਵਾਰ ਦਾ ਸਹਾਰਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਦਰਅਸਲ ਅਮਨਜੀਤ ਕੌਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਦੀ ਸੇਵਾ ਕਰਦੀ ਸੀ ਤਾਂ ਇਸ ਦੌਰਾਨ ਉਸ ਦੇ ਮਨ ਵਿਚ ਫੁੱਲਾਂ ਦੀ ਖੇਤੀ ਕਰਨ ਦਾ ਵਿਚਾਰ ਆਇਆ ਸੀ। ਫਿਰ ਜਦੋਂ ਹੌਂਸਲੇ ਨੇ ਸਿਰੜ ਦੀ ਉਡਾਣ ਭਰੀ ਤਾਂ ਨਤੀਜਾ ਸਭ ਦੇ ਸਾਹਮਣੇ ਹੈ। ਜੋ ਲੋਕ ਇੱਕ ਲੜਕੀ ਨੂੰ ਅਜਿਹਾ ਕਰਦਿਆਂ ਦੇਖ ਸੋਚਦੇ ਸਨ ਕਿ ਇੰਜ ਸਫਲਤਾ ਮੁਸ਼ਕਿਲ ਹੈ ਪਰ ਅਮਨਜੀਤ ਦੇ ਦ੍ਰਿੜ ਇਰਾਦੇ ਨੇ ਇਹ ਸੰਭਵ ਕਰ ਦਿਖਾਇਆ ਹੈ। ਹੁਣ ਤਾਂ ਪਿੰਡ ਦੀਆਂ ਔਰਤਾਂ ਉਸ ਦਾ ਸਿਰ ਪਲੋਸਦੀਆਂ ਹਨ ਅਤੇ ਇਹ ਮਾਣ ਮਹਿਸੂਸ ਕਰਦੀਆਂ ਹਨ ਕਿ ਰੱਬ ਇਹੋ ਜਿਹੀ ਧੀਅ ਹਰ ਕਿਸੇ ਨੂੰ ਦੇਵੇ।
ਜਾਣਕਾਰੀ ਅਨੁਸਾਰ ਪਿੰਡ ਕੁਲਰੀਆਂ ਦੀ ਅਮਨਜੀਤ ਕੌਰ (25 ਸਾਲ) ਦੇ ਪਿਤਾ ਜੀਤਾ ਸਿੰ ਸਵਾ 2 ਕਿੱਲੇ ਜ਼ਮੀਨ ਦੀ ਵਾਹੀ ਕਰਦੇ ਹਨ । ਅਮਨਜੀਤ ਦੇ ਪਰਿਵਾਰ ਵਿਚ ਮਾਤਾ- ਪਿਤਾ ਅਤੇ ਉਸਦੇ ਦੋ ਭਰਾ ਹਨ ਤੇ ਇੰਨੇ ਘੱਟ ਰਕਬੇ ਦੀ ਵਾਹੀ ਨਾਲ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਉਸ ਨੇ ਪੀਜੀਡੀਸੀਏ ਦੀ ਫੀਸ ਵੀ ਮੁਸ਼ਕਿਲ ਨਾਲ ਸਵੈ ਸੇਵੀ ਸੰਸਥਾ ਅਤੇ ਪਰਿਵਾਰ ਦੀ ਮਦਦ ਨਾਲ ਭਰੀ ਸੀ। ਵਿੱਤੀ ਹਾਲਾਤ ਮਾੜੇ ਹੋਣ ਕਾਰਨ ਅਗਲੀ ਪੜ੍ਹਾਈ ਦਾ ਕੋਈ ਰਾਹ ਨਹੀਂ ਸੀ। ਉਸਨੇ ਦੱਸਿਆ ਕਿ ਉਸ ਨੇ ਆਈਲੈਟਸ ਵੀ ਕੀਤੀ ਸੀ ਪਰ ਵਿਆਹ ਕਰਵਾ ਕੇ ਬਾਹਰ ਜਾਣ ਦੀ ਬਜਾਏ ਉਹ ਆਪਣੇ ਦੇਸ਼ ਵਿਚ ਹੀ ਆਪਣੇ ਪੈਰਾਂ ’ਤੇ ਖੜੀ ਹੋਣਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਚਓਡੀ (ਫਲੋਰੀਕਲਚਰ) ਡਾ. ਪਰਮਿੰਦਰ ਸਿੰਘ ਅਤੇ ਸਾਇੰਟਿਸਟ ਡਾ. ਅਮਨ ਸ਼ਰਮਾ ਤੋਂ ਸੇਧ ਲਈ ਸੀ।
.jpg)
ਇੰਨ੍ਹਾਂ ਮਾਹਿਰਾਂ ਤੋਂ ਫੁੱਲਾਂ ਦੀ ਪਨੀਰੀ ਲੈ ਕੇ ਸਾਲ 2022 ਵਿੱਚ 7 ਮਰਲੇ ਵਿੱਚ ਗੇਂਦਾ ਲਾਇਆ ਜਿਸ ਨਾਲ ਉਸ ਨੂੰ ਕਾਫੀ ਵਿੱਤੀ ਸਹਾਰਾ ਮਿਲਿਆ ਅਤੇ ਇਸ ਵੇਲੇ ਇਹ 1 ਕਨਾਲ ਵਿੱਚ ਫੁੱਲਾਂ ਦੀ ਖੇਤੀ ਕਰ ਰਹੀ ਹੈ। ਇਸ ਦੀ ਆਮਦਨ ਨਾਲ ਉਹ ਐਮ ਪੰਜਾਬੀ (ਦੂਜਾ ਸਾਲ) ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਕਰ ਰਹੀ ਹੈ ਅਤੇ ਉਹ ਆਪਣੇ ਪਰਿਵਾਰ ਦਾ ਵਿੱਤੀ ਸਹਾਰਾ ਵੀ ਬਣੀ ਹੈ। ਉਸ ਨੇ ਦੱਸਿਆ ਕਿ ਉਸਨੇ ਆਈਲੈਟਸ ਵੀ ਕੀਤੀ ਸੀ ਪਰ ਵਿਆਹ ਕਰਵਾ ਦੇ ਵਿਦੇਸ਼ ਜਾਣ ਦੀ ਬਜਾਏ ਉਹ ਆਪਣੇ ਦੇਸ਼ ਵਿਚ ਹੀ ਆਪਣੇ ਪੈਰਾਂ ’ਤੇ ਖੜੀ ਹੋਣਾ ਚਾਹੁੰਦੀ ਸੀ। ਇਸ ਲਈ ਉਸ ਨੇ ਏਥੇ ਹੀ ਰਹਿ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ ਹੈ। ਅਮਨਜੀਤ ਨੇ ਦੱਸਿਆ ਕਿ ਹੁਣ ਉਸ ਦੇ ਖੇਤ ਦੇ ਫੁੱਲ ਬਰੇਟਾ, ਬੁਢਲਾਡਾ, ਮਾਨਸਾ, ਸੁਨਾਮ, ਬਠਿੰਡਾ, ਜਾਖਲ, ਲੁਧਿਆਣਾ ਆਦਿ ਸ਼ਹਿਰਾਂ ਵਿੱਚ ਜਾ ਰਹੇ ਹਨ।
ਉਸ ਨੇ ਦੱਸਿਆ ਕਿ ਗੇਂਦੇ ਦੇ ਫੁੱਲਾਂ ਦੀ ਤੁੜਾਈ ਕਰੀਬ 3 ਮਹੀਨੇ ਹੁੰਦੀ ਹੈ ਅਤੇ ਉਸਨੂੰ 40 ਹਜ਼ਾਰ ਦੇ ਕਰੀਬ ਬੱਚਤ ਹੋ ਜਾਂਦੀ ਹੈ ਜਿਹੜੀ ਕਿ ਲਗਭਗ ਉਸ ਦੇ 1 ਕਿੱਲੇ ਦੇ ਕਣਕ - ਝੋਨੇ ਦੇ ਬਰਾਬਰ ਹੈ। ਉਸ ਨੇ ਦੱਸਿਆ ਕਿ ਉਸਦਾ ਬਾਗਬਾਨੀ ਵਿਭਾਗ ਮਾਨਸਾ ਨਾਲ ਵੀ ਤਾਲਮੇਲ ਹੈ ਜਿਸ ਵੱਲੋਂ ਵੀ ਸਮੇਂ ਸਮੇਂ ’ਤੇ ਮਾਰਗਦਰਸ਼ਨ ਕੀਤਾ ਜਾਂਦਾ ਹੈ। ਪਿਛਲੇ ਸਮੇਂ ਮੀਹਾਂ ਦੌਰਾਨ ਪੌਦੇ ਖਰਾਬ ਹੋਣ ਕਾਰਨ ਵਿਭਾਗ ਵੱਲੋਂ ਉਸ ਨੂੰ ਪੌਦੇ ਭੇਜੇ ਗਏ। ਅਮਨਜੀਤ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਆਤਮ ਨਿਰਭਰ ਹੋਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਅੱਗੇ ਜਾਕੇ ਸਫ਼ਲ ਹੋ ਸਕਣ। ਬੇਸ਼ੱਕ ਕੋਈ ਵੀ ਸਫਲਤਾ ਅੰਤਿਮ ਨਹੀਂ ਹੁੰਦੀ ,ਫਿਰ ਵੀ ਹੁਣ ਤੱਕ ਦੇ ਸਫਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਅਮਨਜੀਤ ਨੇ ਲੜਕੀਆਂ ਨੂੰ ਅੱਗੇ ਵਧਣ ਦਾ ਸੱਦਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਕਿਸਾਨ ਮੇਲੇ ਦੌਰਾਨ ਅਮਨਜੀਤ ਕੌਰ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਅਮਨਜੀਤ ਥੋੜੇ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕਰ ਰਹੀ ਹੈ ਪਰ ਉਹ ਆਪਣੇ ਯਤਨਾਂ ਨਾਲ ਆਪਣੇ ਅਤੇ ਪਰਿਵਾਰ ਲਈ ਵਿੱਤੀ ਸਹਾਰਾ ਬਣੀ ਹੈ। ਉਨ੍ਹਾਂ ਕਿਹਾ ਕਿ ਅਮਨਜੀਤ ਕੌਰ ਨੌਜਵਾਨਾਂ ਲਈ ਮਿਸਾਲ ਹੈ ਜੋਕਿ ਵਿਦੇਸ਼ ਜਾਣ ਦੀ ਬਜਾਏ ਆਪਣੇ ਪਿੰਡ ਵਿੱਚ ਹੀ ਮਿਹਨਤ ਕਰਕੇ ਸਫਲਤਾ ਦੀਆਂ ਬੁਲੰਦੀਆਂ ਛੋਹਣ ਵੱਲ ਵਧ ਰਹੀ ਹੈ। ਡਿਪਟੀ ਕਮਿਸ਼ਨਰ ਨੇ ਅਮਨਜੀਤ ਦੇ ਰੌਸ਼ਨ ਭਵਿੱਖ ਅਤੇ ਹੋਰ ਵਧੇਰੇ ਕਾਮਯਾਬ ਹੋਣ ਦੀ ਕਾਮਨਾ ਵੀ ਕੀਤੀ ਹੈ।