Punjab News : ਸਾਬਕਾ ਸੈਨਿਕ ਵੱਲੋਂ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱ*ਤਿਆ, ਬਾਅਦ ਵਿੱਚ ਖੁਦ ਨੂੰ ਮਾਰੀ ਗੋਲੀ
ਰੋਹਿਤ ਗੁਪਤਾ
ਗੁਰਦਾਸਪੁਰ, 19 ਜੁਲਾਈ : ਪੁਲੀਸ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਖੁੱਥੀ ਵਿੱਚ ਵਿੱਚ ਤੜਕਸਾਰ ਤਿੰਨ ਵਜੇ ਇੱਕ ਸਾਬਕਾ ਸੈਨਿਕ ਨੇ ਆਪਣੀ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਬਾਅਦ ਵਿੱਚ ਮੁਲਜਮ ਬੀਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਬੀਰ ਸਿੰਘ ਮੌਜੂਦਾ ਸਮੇਂ ਪੈਸਕੋ ਕੰਪਨੀ ਵੱਲੋਂ ਕੇਂਦਰੀ ਜੇਲ੍ਹ, ਗੁਰਦਾਸਪੁਰ ਵਿੱਚ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ। ਪਤਨੀ ਅਕਵਿੰਦਰ ਕੌਰ (32) ਅਤੇ ਸੱਸ ਗੁਰਜੀਤ ਕੌਰ (55) ਦੀ ਹੱਤਿਆ ਕਰਨ ਮਗਰੋਂ ਬੀਰ ਸਿੰਘ ਫਰਾਰ ਹੋ ਗਿਆ ਅਤੇ ਗੁਰਦਾਸਪੁਰ ਸਥਿਤ ਨਗਰ ਸੁਧਾਰ ਟਰਸਟ ਦੀ ਸਕੀਮ ਨੰਬਰ 7 ਵਿਚਲੇ ਆਪਣੇ ਫਲੈਟ ਵਿੱਚ ਲੁਕ ਗਿਆ ।
ਐੱਸਐੱਸਪੀ, ਗੁਰਦਾਸਪੁਰ ਆਦਿਤਯ ਪੁਲੀਸ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਜਿਸ ਘਰ ਵਿੱਚ ਬੀਰ ਸਿੰਘ ਲੁਕਿਆ ਸੀ, ਉਸ ਨੂੰ ਘੇਰਾ ਪਾ ਕੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ । ਇਸ ਦੌਰਾਨ ਬੀਰ ਸਿੰਘ ਨੇ ਏਕੇ 47 ਰਾਈਫਲ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਐੱਸਐੱਸਪੀ ਨੇ ਦੱਸਿਆ ਕਿ ਬੀਰ ਸਿੰਘ ਦਾ ਆਪਣੀ ਘਰਵਾਲੀ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਕੋਰਟ ਵਿੱਚ ਸੀ। ਬੀਰ ਸਿੰਘ ਦੀ ਪਤਨੀ ਅਕਵਿੰਦਰ ਕੌਰ ਕਾਫੀ ਸਮੇਂ ਤੋਂ ਆਪਣੀ ਮਾਂ ਕੋਲ ਪਿੰਡ ਖੁੱਥੀ ਰਹਿ ਰਹੀ ਸੀ । ਇਹ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਕੋਲ ਏਕੇ 47 ਕਿੱਥੋਂ ਆਈ ।