ਨੇਪਾਲ ਦੇ ਬੀਰਗੰਜ ਵਿੱਚ ਧਾਰਮਿਕ ਹਿੰਸਾ ਤੋਂ ਬਾਅਦ ਅਣਮਿੱਥੇ ਸਮੇਂ ਲਈ ਕਰਫਿਊ, ਫੌਜ ਨੇ ਸੰਭਾਲੀ ਕਮਾਨ
ਬੀਰਗੰਜ/ਰਕਸੌਲ: 23 ਫਰਵਰੀ, 2026
ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਸਰਹੱਦੀ ਸ਼ਹਿਰ ਬੀਰਗੰਜ ਵਿੱਚ ਐਤਵਾਰ ਦੇਰ ਸ਼ਾਮ ਦੋ ਸਮੂਹਾਂ ਵਿਚਕਾਰ ਹੋਈ ਹਿੰਸਕ ਝੜਪ ਅਤੇ ਪੱਥਰਬਾਜ਼ੀ ਤੋਂ ਬਾਅਦ ਹਾਲਾਤ ਬੇਹੱਦ ਤਣਾਅਪੂਰਨ ਬਣ ਗਏ ਹਨ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪਰਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ 9:45 ਵਜੇ ਤੋਂ ਪੂਰੇ ਬੀਰਗੰਜ ਮਹਾਨਗਰ ਖੇਤਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ। ਸ਼ਹਿਰ ਦੀਆਂ ਸੜਕਾਂ 'ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨੇਪਾਲ ਪੁਲਿਸ ਦੇ ਨਾਲ-ਨਾਲ ਹਥਿਆਰਬੰਦ ਪੁਲਿਸ ਬਲ (APF) ਅਤੇ ਨੇਪਾਲ ਫੌਜ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਘਟਨਾ ਦੀ ਸ਼ੁਰੂਆਤ ਬੀਰਗੰਜ ਦੇ ਵਾਰਡ ਨੰਬਰ 11, ਸ੍ਰੀਪੁਰ ਵਿੱਚ ਇੱਕ ਧਾਰਮਿਕ ਸਥਾਨ ਦੇ ਨੇੜੇ ਹੋਈ, ਜਿੱਥੇ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਖੂਨੀ ਸੰਘਰਸ਼ ਵਿੱਚ ਬਦਲ ਗਿਆ। ਪੁਲਿਸ ਅਨੁਸਾਰ ਸੜਕ 'ਤੇ ਖੜ੍ਹੇ ਸਥਾਨਕ ਨੌਜਵਾਨਾਂ 'ਤੇ ਬਿਨਾਂ ਕਿਸੇ ਕਾਰਨ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਭਾਰੀ ਪੱਥਰਬਾਜ਼ੀ ਕੀਤੀ ਗਈ। ਇਸ ਹਿੰਸਾ ਵਿੱਚ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚ ਲਾਲਨ ਮਹਤੋ, ਅਮਰ ਮਹਤੋ ਅਤੇ ਧੀਰਜ ਸਾਹ ਪ੍ਰਮੁੱਖ ਹਨ ਅਤੇ ਉਹ ਨਾਰਾਇਣੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਸਖ਼ਤ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਘਟਨਾ ਦਾ ਮੁੱਖ ਮੁਲਜ਼ਮ ਅਤੇ ਸੀਪੀਐਨ (UML) ਮਧੇਸ ਪ੍ਰਦੇਸ਼ ਕਮੇਟੀ ਦਾ ਮੈਂਬਰ ਮੁਹੰਮਦ ਨਿਜ਼ਾਮ ਫਿਲਹਾਲ ਫ਼ਰਾਰ ਹੈ। ਸਥਾਨਕ ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੋਣਾਂ ਦੇ ਮਾਹੌਲ ਵਿੱਚ ਫਿਰਕੂ ਤਣਾਅ ਪੈਦਾ ਕਰਨ ਲਈ ਇਹ ਇੱਕ ਡੂੰਘੀ ਸਾਜ਼ਿਸ਼ ਹੋ ਸਕਦੀ ਹੈ। ਪ੍ਰਸ਼ਾਸਨ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦਾ ਇਕੱਠ, ਜਲੂਸ ਜਾਂ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੀਰਗੰਜ ਵਿੱਚ ਲੱਗੇ ਇਸ ਕਰਫਿਊ ਦਾ ਸਿੱਧਾ ਅਸਰ ਭਾਰਤ-ਨੇਪਾਲ ਸਰਹੱਦ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰਕਸੌਲ ਅਤੇ ਬੀਰਗੰਜ ਨੂੰ ਜੋੜਨ ਵਾਲੇ ਮੈਤਰੀ ਪੁਲ ਰਾਹੀਂ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਜਿਸ ਕਾਰਨ ਹੋਲੀ ਦੇ ਬਾਜ਼ਾਰ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਖਰੀਦਦਾਰੀ ਕਰਨ ਆਏ ਸੈਂਕੜੇ ਲੋਕ ਦੋਵਾਂ ਪਾਸਿਆਂ 'ਤੇ ਫਸ ਗਏ ਹਨ। ਭਾਰਤੀ ਸਰਹੱਦ 'ਤੇ ਤਾਇਨਾਤ ਐਸ.ਐਸ.ਬੀ (SSB) ਅਤੇ ਸਥਾਨਕ ਪੁਲਿਸ ਨੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਜੋ ਨੇਪਾਲ ਵਿੱਚ ਹੋ ਰਹੀ ਹਿੰਸਾ ਦਾ ਪ੍ਰਭਾਵ ਭਾਰਤੀ ਖੇਤਰ ਵਿੱਚ ਨਾ ਪਵੇ।
Click to Follow Babushahi Facebook page →