ਮੋਹਾਲੀ ਪੁਲਿਸ ਵੱਲੋਂ ਫਾਇਰਿੰਗ ਅਤੇ ਫਿਰੌਤੀ ਮਾਮਲਿਆਂ ਵਿੱਚ ਸ਼ਾਮਲ 2 ਸ਼ੂਟਰ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਪ੍ਰੈਲ:
ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਲ 2024 ਵਿੱਚ ਪਿੰਡ ਮੁੱਲਾਂਪੁਰ ਅਤੇ ਫੇਸ-11 ਮੋਹਾਲ਼ੀ ਵਿਖੇ ਫਿਰੌਤੀ ਲੈਣ ਲਈ ਗੈਂਗਸਟਰ ਗੌਰਵ ਪਟਿਆਲ਼ ਉਰਫ ਲੱਕੀ ਪਟਿਆਲ਼ ਦੇ ਕਹਿਣ ਤੇ ਘਰਾਂ ਅਤੇ ਗੱਡੀਆਂ ਉੱਪਰ ਗੋਲ਼ੀਆਂ ਚਲਾਉਣ ਵਾਲੇ 02 ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਐੱਸ ਪੀ (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਮਿਤੀ 31-01-2024 ਨੂੰ ਤਰਨਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਨੇੜੇ ਟੋਭਾ ਪਿੰਡ ਮੁੱਲਾਂਪੁਰ ਗਰੀਬਦਾਸ, ਥਾਣਾ ਮੁੱਲਾਂਪੁਰ ਗਰੀਬਦਾਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਗੈਂਗਸਟਰ ਗੌਰਵ ਪਟਿਆਲ਼ ਉਰਫ ਲੱਕੀ ਪਟਿਆਲ਼ ਪੁੱਤਰ ਸੁਰਿੰਦਰ ਸਿੰਘ ਵਾਸੀ ਖੁੱਡਾ ਲਾਹੌਰਾ, ਚੰਡੀਗੜ ਅਤੇ ਉਸਦੇ 02 ਨਾ-ਮਾਲੂਮ ਸ਼ੂਟਰਾਂ ਵਿਰੁੱਧ ਮੁਕੱਦਮਾ ਨੰ: 12 ਮਿਤੀ 31-01-2024 ਅ/ਧ 307, 384, 506, 427, 34, 120ਬੀ ਆਈ ਪੀ ਸੀ 25-54-59 ਆਰਮਜ਼ ਐਕਟ ਥਾਣਾ ਮੁੱਲਾਂਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਸਦਾ ਘਰਵਾਲ਼ਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਜੋ ਉਸਦਾ ਘਰਵਾਲ਼ਾ ਮਿਤੀ 29-01-2024 ਨੂੰ ਆਪਣੇ ਦੋਸਤਾਂ ਨਾਲ਼ ਸੱਚਖੰਡ ਸ਼੍ਰੀ ਹਜੂਰ ਸਾਹਿਬ ਮੱਥਾ ਟੇਕਣ ਲਈ ਚਲਾ ਗਿਆ ਸੀ। ਜਦੋਂ ਉਹ ਮਿਤੀ 30/31-01-2024 ਨੂੰ ਆਪਣੇ ਬੱਚਿਆ ਨਾਲ਼ ਘਰ ਵਿੱਚ ਮੌਜੂਦ ਸੀ ਤਾਂ ਜਦੋਂ ਉਹਨਾਂ ਨੇ ਵਕਤ 06:00 ਏ.ਐਮ. ਸਵੇਰ ਸਮੇਂ ਉੱਠ ਕੇ ਦੇਖਿਆ ਕਿ ਤਾਂ ਉਹਨਾਂ ਦੀ ਗੱਡੀ ਨੰ: ਪੀ ਬੀ 65-ਏ ਆਰ-7678 ਮਾਰਕਾ ਫਾਰਚੂਨਰ ਜੋ ਉਹਨਾਂ ਦੇ ਘਰ ਦੇ ਸਾਹਮਣੇ ਖੜੀ ਸੀ, ਉੱਪਰ ਅਤੇ ਉਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਸੀ। ਜਿਸ ਸਬੰਧੀ ਉਸਨੇ ਆਪਣੇ ਘਰਵਾਲ਼ੇ ਨਾਲ਼ ਗੱਲ ਕੀਤੀ, ਜਿਸਨੇ ਦੱਸਿਆ ਕਿ ਮਿਤੀ 30-01-2024 ਨੂੰ ਉਸਨੂੰ ਗੈਂਗਸਟਰ ਲੱਕੀ ਪਟਿਆਲ਼ ਦੀ ਕਾਲ ਆਈ ਸੀ, ਜਿਸਨੇ ਉਸ ਪਾਸੋਂ 01 ਕਰੋੜ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਸੀ। ਜੋ ਫਰੌਤੀ ਨਾ ਦੇਣ ਕਰਕੇ ਉਸਦੇ ਸ਼ੂਟਰਾਂ ਵੱਲੋਂ ਉਸਦੇ ਘਰ ਤੇ ਫਾਇਰਿੰਗ ਕਰਵਾਈ ਗਈ ਹੈ।
ਉਪਰੋਕਤ ਵਾਰਦਾਤ ਤੋਂ ਬਾਅਦ ਮਿਤੀ 21-03-2024 ਨੂੰ ਤਰਨਜੀਤ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਮਕਾਨ ਨੰ: 87 ਫੇਸ-11 ਮੋਹਾਲ਼ੀ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 22 ਮਿਤੀ 21-03-2024 ਅ/ਧ 336, 427 ਆਈ.ਪੀ.ਸੀ. 25/27-54-59 ਆਰਮਜ਼ ਐਕਟ ਥਾਣਾ ਫੇਸ-11 ਮੋਹਾਲ਼ੀ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 20/21-02-2024 ਦੀ ਦਰਮਿਆਨੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤੀ ਪਈ ਸੀ। ਉਸਦਾ ਘਰਵਾਲ਼ਾ ਬਿਮਾਰ ਸੀ, ਜਿਸ ਕਰਕੇ ਉਹਨਾਂ ਦੇ ਘਰ ਰਿਸ਼ਤੇਦਾਰ ਆਏ ਹੋਏ ਸਨ। ਰਾਤ ਸਮੇਂ ਵਕਤ ਕ੍ਰੀਬ 02:00 ਏ.ਐਮ. ਪਰ ਉਸਨੂੰ ਆਪਣੇ ਘਰ ਦੇ ਬਾਹਰ ਪਟਾਕੇ ਚੱਲਣ ਦੀ ਅਵਾਜ ਦਿੱਤੀ, ਜਿਸਨੇ ਉਸ ਵੱਲ ਗੌਰ ਨਹੀਂ ਕੀਤਾ। ਜਿਨਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਉਹਨਾਂ ਦੀ ਗੱਡੀ ਨੰ: ਪੀ ਬੀ 65-ਏ ਐਨ-9999 ਮਾਰਕਾ ਇੰਡੈਵਰ ਰੰਗ ਕਾਲ਼ਾ ਅਤੇ ਘਰ ਦੇ ਬਾਹਰ ਫਾਇਰਿੰਗ ਕੀਤੀ ਹੋਈ ਸੀ।
ਉਕਤ ਦੋਵੇਂ ਵਾਰਦਾਤਾਂ ਸਾਲ 2024 ਤੋਂ ਅਨਟਰੇਸ ਚਲੀਆਂ ਆ ਰਹੀਆਂ ਸਨ, ਜਿਨਾਂ ਨੂੰ ਟਰੇਸ ਕਰਨ ਲਈ ਸ਼੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਵੱਲੋਂ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਤਲਵਿੰਦਰ ਸਿੰਘ, ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਰਾਜਨ ਪਰਮਿੰਦਰ ਸਿੰਘ, ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਉਕਤਾਨ ਮੁਕੱਦਮਿਆਂ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇ। ਜੋ ਦੋਸ਼ੀਆਂ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਸਾਲ 2024 ਤੋਂ ਹੀ ਲਗਾਤਾਰ ਯਤਨ ਕੀਤੇ ਜਾ ਰਹੇ ਸੀ। ਟੈਕਨੀਕਲ ਐਨਾਲਾਇਸਿਸ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਮੁਕੱਦਮਾ ਵਿੱਚ ਨਿਮਨਲਿਖਤ ਦੋਸ਼ੀਆਂ ਨੂੰ ਨੇੜੇ ਸਿਵਲ ਹਸਪਤਾਲ ਖਰੜ ਤੋਂ ਮਿਤੀ 01-04-2026 ਨੂੰ ਗ੍ਰਿਫਤਾਰ ਕੀਤਾ ਗਿਆ।
1. ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕੋਕੀ ਪੁੱਤਰ ਲਾਭ ਸਿੰਘ ਵਾਸੀ ਪਿੰਡ ਪੜੌਲ, ਥਾਣਾ ਮੁੱਲਾਂਪੁਰ ਗਰੀਬਦਾਸ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 34 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਦੇ ਵਿਰੁੱਧ ਜਿਲਾ ਮੋਹਾਲ਼ੀ, ਬਰਨਾਲ਼ਾ ਅਤੇ ਪੰਚਕੂਲਾ, ਹਰਿਆਣਾ ਵਿੱਚ ਫਾਇਰਿੰਗ, ਲੜਾਈ-ਝਗੜੇ, ਅਸਲੇ, ਲੁੱਟ-ਖੋਹ ਅਤੇ ਫਰੌਤੀ ਸਬੰਧੀ 09 ਮੁਕੱਦਮੇ ਦਰਜ ਹਨ।
2. ਦੋਸ਼ੀ ਗੁਰਦੀਪ ਸਿੰਘ ਉਰਫ ਗਿੱਲ ਪੁੱਤਰ ਨਛੱਤਰ ਸਿੰਘ ਵਾਸੀ ਗਿੱਲ ਪੱਤੀ ਕੋਠੇ ਚੰਦ ਗਿੱਦੜੀ ਪਿੰਡ ਮੌੜ ਨਾਭਾ, ਥਾਣਾ ਸਹਿਣਾ, ਜ਼ਿਲ੍ਹਾ ਬਰਨਾਲ਼ਾ ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਜ਼ਿਲ੍ਹਾ ਬਰਨਾਲ਼ਾ ਅਤੇ ਮੋਹਾਲ਼ੀ ਜ਼ਿਲ੍ਹਾ ਵਿੱਚ ਖੋਹ ਅਤੇ ਫਰੌਤੀ ਸਬੰਧੀ 03 ਮੁਕੱਦਮੇ ਦਰਜ ਹਨ।
ਗ੍ਰਿਫਤਾਰ ਕੀਤੇ ਉਪਰੋਕਤ ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ਼ ਉਰਫ ਲੱਕੀ ਪਟਿਆਲ਼ ਦੇ ਸ਼ੂਟਰ ਹਨ। ਜੋ ਉਸਦੇ ਕਹਿਣ ਤੇ ਫਰੌਤੀ ਲੈਣ ਲਈ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਦੋਸ਼ੀ 03 ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਵਾਰਦਾਤਾਂ ਵਿੱਚ ਵਰਤੇ ਹਥਿਆਰਾਂ ਅਤੇ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
Click to Follow Babushahi Facebook page →