ਰਾਜਿੰਦਰ ਗੁਪਤਾ, ਮੈਂਬਰ ਆਫ ਪਾਰਲੀਮੈਂਟ, ਵੱਲੋਂ ਜ਼ੀਰੋ ਆਵਰ ਦੌਰਾਨ ਹਲਵਾਰਾ ਏਅਰਪੋਰਟ ਨੂੰ ਚਾਲੂ ਕਰਨ ਦੀ ਤੁਰੰਤ ਮੰਗ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਦਸੰਬਰ 2025- ਪੰਜਾਬ ਤੋਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਅੱਜ ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ ਲੋਕ-ਹਿਤ ਨਾਲ ਜੁੜਿਆ ਇਕ ਮਹੱਤਵਪੂਰਨ ਮਾਮਲਾ ਉਠਾਇਆ ਅਤੇ ਹਲਵਾਰਾ, ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਏਅਰਪੋਰਟ ਨੂੰ ਚਾਲੂ ਕਰਨ ਵਿੱਚ ਹੋ ਰਹੀ ਲੰਬੀ ਦੇਰੀ ਵੱਲ ਰਾਸ਼ਟਰੀ ਧਿਆਨ ਖਿੱਚਿਆ। ਉਨ੍ਹਾਂ ਨੇ ਕਿਹਾ ਕਿ ਇਹ ਏਅਰਪੋਰਟ ਪੰਜਾਬ ਦੇ ਉਦਯੋਗਿਕ ਦਿਲ ਤੇ ਪੂਰੇ ਮਾਲਵਾ ਖੇਤਰ ਦੀ ਅਰਥਵਿਵਸਥਾ ਵਿਸਥਾਰ ਲਈ ਬੇਹੱਦ ਜ਼ਰੂਰੀ ਹੈ।
ਲੁਧਿਆਣਾ ਦੀ ਆਰਥਿਕ ਮਹੱਤਤਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇਸ਼ ਦੇ ਉਦਯੋਗਿਕ ਉਤਪਾਦਨ ਵਿੱਚ ਲਗਭਗ ₹72,000 ਕਰੋੜ ਦਾ ਯੋਗਦਾਨ ਪਾਉਂਦਾ ਹੈ ਅਤੇ ਇੱਥੇ 1.5 ਲੱਖ ਤੋਂ ਵੱਧ MSMEs ਹਨ — ਜੋ ਦੇਸ਼ ਵਿੱਚ ਸਭ ਤੋਂ ਵੱਧ ਵਿੱਚੋਂ ਇੱਕ ਹੈ। ਇੰਨੀ ਵੱਡੀ ਉਦਯੋਗੀ ਸਮਰੱਥਾ ਦੇ ਬਾਵਜੂਦ ਇਲਾਕਾ ਅਜੇ ਵੀ ਕੋਈ ਵੀ ਵਪਾਰਕ ਉਡਾਣ ਸੇਵਾ ਤੋਂ ਵਾਂਝਾ ਹੈ, ਜਿਸ ਕਾਰਨ ਇਹ ਜੈਪੁਰ, ਇੰਦੌਰ, ਸੂਰਤ, ਰਾਜਕੋਟ ਅਤੇ ਕੋਇਮਬਟੂਰ ਵਰਗੇ ਤੇਜ਼ੀ ਨਾਲ ਉਭਰ ਰਹੇ ਕੇਂਦਰਾਂ ਨਾਲ ਮੁਕਾਬਲੇ ਵਿੱਚ ਪਿੱਛੇ ਰਹਿ ਰਿਹਾ ਹੈ।
ਸਾਂਸਦ ਨੇ ਕਿਹਾ ਕਿ ਪੰਜਾਬ, ਜਿਸ ਵਿੱਚ ਲਗਭਗ 22–25 ਲੱਖ NRI ਰਹਿੰਦੇ ਹਨ, ਨੂੰ ਵਿਦਿਆਰਥੀਆਂ, ਪਰਿਵਾਰਾਂ, ਬਿਜ਼ਨਸ ਯਾਤਰੀਆਂ ਅਤੇ ਔਕੜ ਵੇਲੇ ਲਈ ਬਿਹਤਰ ਏਅਰ-ਕਨੈਕਟੀਵਿਟੀ ਦੀ ਤੁਰੰਤ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਨਵਾਂ ਏਅਰਪੋਰਟ ਹਰ ਰੋਜ਼ 2,500 ਤੋਂ ਵੱਧ ਯਾਤਰੀਆਂ ਨੂੰ ਸੰਭਾਲ ਸਕਦਾ ਹੈ ਅਤੇ ਪਹਿਲੇ ਹੀ ਦਿਨ 10–12 ਉਡਾਣਾਂ ਚਲਾ ਸਕਦਾ ਹੈ, ਜਿਸ ਨਾਲ ਲੁਧਿਆਣਾ ਸਿੱਧੇ ਦਿੱਲੀ, ਮੁੰਬਈ, ਚੇਨ੍ਹਈ, ਬੈਂਗਲੁਰੂ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਨਾਲ ਜੁੜ ਸਕੇਗਾ।

ਗੁਪਤਾ ਨੇ ਜ਼ੋਰ ਦਿਤਾ ਕਿ ਹਲਵਾਰਾ ਏਅਰਪੋਰਟ ਦੇ ਚਾਲੂ ਹੋਣ ਨਾਲ MSME ਮਾਲਕਾਂ ਦਾ ਸਮਾਂ ਅਤੇ ਖਰਚ ਦੋਵੇਂ ਘਟਣਗੇ, ਦਿੱਲੀ ਅਤੇ ਚੰਡੀਗੜ੍ਹ ਏਅਰਪੋਰਟਾਂ ਦਾ ਭਾਰ ਘਟੇਗਾ, ਫਿਊਲ ਦੀ ਬਚਤ ਹੋਵੇਗੀ, ਕਾਰਬਨ ਉਤਸਰਜਨ ਘਟੇਗਾ ਅਤੇ ਹਵਾਈ ਸੇਵਾ, ਲਾਜਿਸਟਿਕਸ, ਵੇਅਰਹਾਊਸਿੰਗ, ਹੋਸਪੀਟੈਲਿਟੀ ਅਤੇ ਰਿਟੇਲ ਖੇਤਰ ਵਿੱਚ ਹਜ਼ਾਰਾਂ ਸਿੱਧੀਆਂ ਤੇ ਗੈਰ-ਸਿੱਧੀਆਂ ਨੌਕਰੀਆਂ ਪੈਣਗੀਆਂ। ਉਨ੍ਹਾਂ ਨੇ ਏਅਰਪੋਰਟਾਂ ਨੂੰ “ਆਰਥਿਕ ਗੁਣਨਹਾਰ” ਕਰਾਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਏਅਰਪੋਰਟ ਹੁੰਦਾ ਹੈ ਉਨ੍ਹਾਂ ਦੀ GDP ਵਾਧਾ ਤਿੰਨ ਗੁਣਾ ਜ਼ਿਆਦਾ ਦਰ ਨਾਲ ਹੁੰਦਾ ਹੈ।
ਉਨ੍ਹਾਂ ਨੇ ਇਸ ਮੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਵਿਜ਼ਨ ਨਾਲ ਜੋੜਿਆ ਅਤੇ ਕਿਹਾ ਕਿ UDAN ਯੋਜਨਾ ਹੇਠ ਖੇਤਰੀ ਹਵਾਈ ਕਨੈਕਟੀਵਿਟੀ ਵਧਾਉਣ ਲਈ ਭਾਰਤ ਸਰਕਾਰ ਵੱਡੇ ਯਤਨ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਹਲਵਾੜਾ — ਜੋ ਦੇਸ਼ ਦੇ ਸਭ ਤੋਂ ਵੱਡੇ ਏਅਰਫੋਰਸ ਸਟੇਸ਼ਨਾਂ ਵਿੱਚੋਂ ਇੱਕ ਹੈ — ਸਿਵਲ–ਸੈਨਾ ਸਾਂਝ ਦੇ ਲਹਾਜ਼ ਨਾਲ ਵਿਲੱਖਣ ਮੌਕੇ ਪੇਸ਼ ਕਰਦਾ ਹੈ।