Festiwel Special ਪਤੰਗਾਂ ਦੇ ਪੇਚਿਆਂ ਨਾਲ ‘ਗਾਇਕ ਸਿੱਧੂ ਮੂਸੇ ਵਾਲਾ’ ਮਾਰਨ ਲੱਗਿਆ ਅੰਬਰੀਂ ਉਡਾਰੀਆਂ
ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2026: ਪੰਜਾਬੀ ਗਾਇਕੀ ਦੇ ਅੰਬਰ ਦਾ ਧਰੂ ਤਾਰਾ ਲੋਕ ਗਾਇਕ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆਂ ਤੋਂ ਚਲਾ ਗਿਆ ਹੈ ਪਰ ਅਜੋਕੀ ਪੀੜ੍ਹੀ ’ਚ ਉਸ ਦੇ ਕਰੇਜ ’ਚ ਰਤਾ ਵੀ ਫਰਕ ਨਹੀਂ ਪਿਆ ਹੈ। ਇਸ ਪੱਤਰਕਾਰ ਵੱਲੋਂ ਲਏ ਜਾਇਜੇ ਦੌਰਾਨ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦਾ ਰੰਗ ਐਤਕੀ ਪਤੰਗਬਾਜੀ ਤੇ ਗੂੜ੍ਹਾ ਹੋਇਆ ਹੈ। ਮਾਲ ਰੋਡ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪੰਤਗ ਕਾਫੀ ਖਰੀਦੇ ਸਨ ਜੋ ਬੁੱਧਵਾਰ ਤੱਕ ਵਿਕ ਗਏ ਸਨ ਜਦੋਂਕਿ ਅਜੇ ਬਸੰਤ ਪੰਚਮੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ ਬੱਬੂ ਮਾਨ ਅਤੇ ਕਰਨ ਔਜਲਾ ਦੀ ਤਸਵੀਰ ਵਾਲੇ ਪਤੰਗ ਵਿਕੇ ਹਨ ਪਰ ਸਿੱਧੂ ਮੂਸੇ ਵਾਲਾ ਦਾ ਖੁਮਾਰ ਵੱਖਰਾ ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤਾਂ ਸਿੱਧੂ ਮੂਸੇ ਵਾਲਾ ਦੀ ਫੋਟੋ ਵਾਲਾ ਪਤੰਗ ਵੇਚਣਾ ਨਹੀਂ ਪਿਆ ਆਪਣੇ ਆਪ ਵਿਕਿਆ ਹੈ।
ਉਨ੍ਹਾਂ ਦੱਸਿਆ ਕਿ ਜਿਸ ਢੰਗ ਨਾਲ ਇੰਨ੍ਹਾਂ ਪਤੰਗਾਂ ਦੀ ਵਿੱਕਰੀ ਹੋਈ ਹੈ ਉਸ ਤੋਂ ਜਾਪਦਾ ਹੈ ਕਿ ਬਸੰਤ ਪੰਚਮੀਂ ਵਾਲੇ ਦਿਨ ‘ ਸਿੱਧੂ ਮੂਸੇਵਾਲਾ’ ਦੀ ਫੋਟੋ ਵਾਲੇ ਪਤੰਗ ਉਡਦੇ ਹੀ ਨਹੀਂ ਸਗੋਂ ਅਸਮਾਨ ਤੇ ਉਡਦੀਆਂ ਹੋਰਨਾਂ ਪੰਤਗਾਂ ਵਿਚਕਾਰ ਘਮਸਾਨ ਦੇਖਣ ਨੂੰ ਮਿਲੇਗਾ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮਹਿੰਗਾਈ ਦਾ ਅਸਰ ਪੰਤਗਾਂ ਤੇ ਵੀ ਪਿਆ ਹੈ ਫਿਰ ਵੀ ਨੌਜਵਾਨਾਂ ਦਾ ਜੋਸ਼ ਪਹਿਲਾਂ ਵਾਂਗ ਦੂਣ ਸਵਾਇਆ ਹੈ। ਇਸ ਤੋਂ ਬਿਨਾਂ ਬੱਚਿਆਂ ਦੀ ਪਹਿਲੀ ਪਸੰਦ ਮੋਟੂ ਪਤਲੂ ਕਾਰਟੂਨ ਵਾਲੇ ਪਤੰਗ ਸਨ ਜਦੋਂਕਿ ਡਿਜ਼ਾਇਨਰ ਪਤੰਗਾਂ ਦੀ ਵੀ ਕਾਫੀ ਵਿੱਕਰੀ ਹੋ ਰਹੀ ਹੈ। ਹਿੰਦੀ ਫਿਲਮਾਂ ਦੇ ਕਈ ਮਸ਼ਹੂਰ ਕਲਾਕਾਰਾਂ ਦੇ ਪੰਤਗ ਦੀ ਵਿੱਕਰੀ ਵੀ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਐਤਕੀਂ ਸਿਆਸੀ ਲੋਕਾਂ ਦੀਆਂ ਤਸਵੀਰਾਂ ਪੰਤਗਾਂ ਤੋਂ ਗਾਇਬ ਨਜ਼ਰ ਆ ਰਹੀਆਂ ਹਨ । ਕਾਫੀ ਸਮਾਂ ਪਹਿਲਾਂ ਇੱਕ ਵਾਰ ਨਰਿੰਦਰ ਮੋਦੀ ਦੀ ਫੋਟੋ ਵਾਲਾ ਪਤੰਗ ਕਾਫੀ ਵਿਕਿਆ ਸੀ।
ਇੱਥੇ ਅਮਰੀਕ ਸਿੰਘ ਰੋਡ, ਕਿਲੇ ਦੇ ਬਾਹਰ , ਕਿੱਕਰ ਬਾਜ਼ਾਰ, ਪਰਸ ਰਾਮ ਨਗਰ, ਬੈਂਕ ਬਾਜ਼ਾਰ , ਸਿਰਕੀ ਬਜਾਰ ਅਤੇ ਲਾਈਨੋਪਾਰ ਦੇ ਬਜ਼ਾਰਾਂ ਸਮੇਤ ਤਿੰਨ ਦਰਜਨ ਤੋਂ ਥਾਵਾਂ ‘ਤੇ ਪਤੰਗਾਂ ਦੀ ਵਿੱਕਰੀ ਦਾ ਵੱਡਾ ਰੁਝਾਨ ਦਿਖਾਈ ਦਿੱਤਾ ਹੈ। ਕਿਲਾ ਮੁਬਾਰਕ ਦੇ ਸਾਹਮਣੇ ਪਤੰਗਾਂ ਦਾ ਸਟਾਲ ਲਾਕੇ ਬੈਠੇ ਨੌਜਵਾਨ ਹਰੀਸ਼ ਕੁਮਾਰ ਨੇ ਦੱਸਿਆ ਕਿ ਬਜ਼ਾਰ ਵਿੱਚ 10 ਰੁਪਏ ਤੋਂ ਲੈਕੇ 350 ਰੁਪਏ ਤੱਕ ਦੇ ਪਤੰਗ ਉਪਲਬਧ ਹਨ। ਆਪਣੇ ਬੱਚਿਆਂ ਨੂੰ ਪਤੰਗ ਦਿਵਾਕੇ ਲਿਜਾ ਰਹੇ ਨੌਜਵਾਨ ਜਗਦੀਸ਼ ਕੁਮਾਰ ਦਾ ਕਹਿਣਾ ਸੀ ਕਿ ਪਹਿਲਾਂ ਪਤੰਗਾਂ ਲਈ ਅਖਬਾਰ ਜਾਂ ਸਾਦੇ ਕਾਗਜ਼ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਪਤੰਗ ਵੀ ਝਿਲਮਿਲ ਕਰਦੇ ਰੰਗ ਬਿਰੰਗੇ ਕਾਗਜ਼, ਪਲਾਸਟਿਕ ਅਤੇ ਕੱਪੜੇ ਦੇ ਬਣਨ ਲੱਗੇ ਹਨ। ਉਹਨਾਂ ਦੱਸਿਆ ਕਿ ਐਤਕੀ ਸਿੱਧੂ ਮੂਸੇਵਾਲਾ ਵਾਲਾ ਦੀ ਫੋਟੋ ਵਾਲਾ ਪਤੰਗ ਹੋਰਨਾਂ ਤੇ ਭਾਰੂ ਪੈ ਰਿਹਾ ਹੈ ਤਾਹੀਂਓ ਉਨ੍ਹਾਂ ਨੇ ਦਸਾਂ ਵਿੱਚੋਂ ਇਕੱਲੇ ਪੰਜ ਪਤੰਗ ਇਹੋ ਖਰੀਦੇ ਹਨ।
ਪਤੰਗ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੁਲਕ ਦੇ ਕਈ ਸੂਬਿਆਂ ’ਚ 14 ਜਨਵਰੀ ਨੂੰ (ਮਕਰ ਸਕ੍ਰਾਂਤੀ) ਮਾਘੀ ਵਾਲੇ ਦਿਨ ਪਤੰਗਾਂ ਉਡਾਉਣ ਦਾ ਰਿਵਾਜ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਤੋਂ ਬਾਅਦ ਪਤੰਗਬਾਜੀ ਸ਼ੁਰੂ ਹੋ ਜਾਂਦੀ ਹੈ ਜਦੋਂਕਿ ਬਸੰਤ ਪੰਚਮੀ ਵਾਲੇ ਦਿਨ ਤਾਂ ਅਸਮਾਨ ਵਿੱਚ ਪਤੰਗਾਂ ਦਾ ਮੇਲਾ ਲੱਗਿਆ ਹੁੰਦਾ ਹੈ। ਬਠਿੰਡਾ ਮਹਾਂਨਗਰ ਜਿੱਥੇ ਹੋਰ ਕੰਮਾਂ ਵਿੱਚ ਮੋਹਰੀ ਸ਼ਹਿਰ ਹੈ, ਉੱਥੇ ਪਤੰਗ ਉਡਾਉਣ ਅਤੇ ਵੇਚਣ ਵਿੱਚ ਪਹਿਲੇ ਨੰਬਰ ’ਤੇ ਹੈ। ਖਾਸ ਤੌਰ ਤੇ 23 ਜਨਵਰੀ ਤੋਂ ਪਹਿਲਾਂ ਪਤੰਗਬਾਜੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪੂਰੀ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਨੌਜਵਾਨਾਂ ਨੇ ਜੈਨਰੇਟਰਾਂ ਦੇ ਨਾਲ ਨਾਲ ਡੀਜੇ ਦੀ ਅਗੇਤੀ ਬੁਕਿੰਗ ਕਰਵਾਈ ਹੋਈ ਹੈ ਜਦੋਂਕਿ ਵੱਡੀ ਗਿਣਤੀ ਮੁੰਡਿਆਂ ਵੱਲੋਂ ਸ਼ੌਕ ਪੂਰਾ ਕਰਨ ਲਈ ਆਪਣੇ ਹਿਸਾਬ ਨਾਲ ਵੀ ਸਾਊਂਡ ਸਿਸਟਮ ਤਿਆਰ ਕਰਵਾਏ ਜਾ ਰਹੇ ਹਨ ਜੋ ਉਤਸ਼ਾਹ ਦੀ ਨਿਸ਼ਾਨੀ ਹੈ।
ਜਜਬਾਤਾਂ ਦੀ ਤਰਜਮਾਨੀ
ਪੰਜਾਬੀ ਲੇਖਕ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਸਿਰਫ ਕਾਗਜ਼ ਦੇ ਪਤੰਗ ਨਹੀਂ ਬਲਕਿ ਇਸ ਪਿੱਛੇ ਉਹ ਗੀਤ ਹਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗਾਇਕੀ ਦੇ ਖੇਤਰ ’ਚ ਜੋ ਪੈੜਾਂ ਸਿੱਧੂ ਮੂਸੇਵਾਲਾ ਨੇ ਪਾਈਆਂ ਹਨ ਉਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬੀਅਤ ਦਾ ਸੱਚਾ ਪੁੱਤ ਸੀ ਜਿਸ ਕਰਕੇ ਉਹ ਲੋਕਾਂ ਦੇ ਦਿਲਾਂ ’ਚ ਵਸਿਆ ਹੈ ।
ਪਤੰਗਾਂ ਲਈ ਡੋਰ ਦਾ ਭੰਡਾਰ
ਸ਼ੁੱਕਰਵਾਰ ਨੂੰ ਪਤੰਗ ਉਡਾਉਣ ਲਈ ਮੁੰਡਿਆਂ ਦੇ ਵੱਖ ਵੱਖ ਪ੍ਰਕਾਰ ਦੀ ਡੋਰ ਵੀ ਭੰਡਾਰ ਕੀਤੀ ਹੈ। ਪਤੰਗ ਵਪਾਰੀ ਰਾਕੇਸ਼ ਕੁਮਾਰ ਦੱਸਦਾ ਹੈ ਕਿ ‘ਕਾਲਾ ਸੋਨਾ’ ਦੇ ਨਾਮ ਨਾਲ ਮਸ਼ਹੂਰ ਡੋਰ ਪਤੰਗਬਾਜਾਂ ਵੱਲੋਂ ਖਰੀਦੀ ਜਾ ਰਹੀ ਹੈ ਜਿਸ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਚਰਖੜੀ ਹੈ ਜਦੋਂਕਿ 400 ਤੋਂ 450 ਕੀਮਤ ਵਾਲੀ ਡੋਰ ਦਾ ਰੁਝਾਨ ਵੀ ਕਾਫੀ ਹੈ। ਉਨ੍ਹਾਂ ਦੱਸਿਆ ਕਿ ਡ੍ਰੈਗਨ ਡੋਰ ਦਾ ਭਾਅ 250 ਰੁਪਏ ਚੱਲ ਰਿਹਾ ਹੈ। ਕਾਰੋਬਾਰੀ ਅਕਾਸ਼ ਸ਼ਰਮਾ ਦੀ ਕਹਿਣਾ ਸੀ ਕਿ ਪਤੰਗ ਅਤੇ ਡੋਰ ਦੋਵਾਂ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਨੌਜਵਾਨਾਂ ਦੇ ਕਰੇਜ਼ ’ਚ ਰਤਾ ਫਰਕ ਨਹੀਂ ਪਿਆ ਕਿਉਂਕਿ ਲੋਕ ਤਾਂ 600 ਰੁਪਏ ਵਾਲਾ ਪਤੰਗ ਵੀ ਖਰੀਦ ਰਹੇ ਹਨ।