Election Special : ਬਠਿੰਡਾ ਪੁਲਿਸ ਨੇ ਚੋਣਾਂ ਮੌਕੇ ਦੰਗਾ ਫਸਾਦ ਕਰਨ ਵਾਲੇ ਸਿਆਸੀ ਵੈਲੀਆਂ ਦੀ ਚੂੜੀ ਕਸੀ
ਅਸ਼ੋਕ ਵਰਮਾ
ਬਠਿੰਡਾ, 12 ਦਸੰਬਰ 2025: ਬਠਿੰਡਾ ਪੁਲਿਸ ਦੇ ਅਫਸਰਾਂ ਨੇ ਵੀਰਵਾਰ ਸ਼ਾਮ ਨੂੰ ਸਥਾਨਕ ਪੁਲਿਸ ਨਫਰੀ ਨਾਲ ਸ਼ਹਿਰ ‘ਚ ਫਲੈਗ ਮਾਰਚ ਕਰਕੇ ਸਮਾਜ ਵਿਰੋਧੀ ਅਨਸਰਾਂ ਅਤੇ ਪੋਲਿੰਗ ਵਾਲੇ ਦਿਨ ਗੜਬੜ ਦੀ ਤਾਕ ‘ਚ ਬੈਠੇ ਸਿਆਸੀ ਵੈਲੀਆਂ ਨੂੰ ਸਖਤੀ ਦਾ ਸੁਨੇਹਾ ਦਿੱਤਾ । ਪੁਲਿਸ ਨੇ ਆਮ ਨਾਗਰਿਕਾਂ ਤੇ ਵਪਾਰਕ ਹਲਕਿਆਂ ਨੂੰ ਵੀ ਕਿਹਾ ਕਿ ਉਹ ਬੇਫਿਕਰ ਹੋਕੇ ਆਪੋ ਆਪਣੇ ਕੰਮਕਾਰ ਕਰਨ ਕਿਉਂਕਿ ਪੁਲਿਸ ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦੀ ਅਗਵਾਈ ਹੇਠ ਪੁਲਿਸ ਨੇ ਨਾਂ ਕੇਵਲ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਭਲਵਾਨੀ ਗੇੜਾ ਦਿੱਤਾ ਬਲਕਿ ਸਬ ਡਵੀਜਨ ਪੱਧਰ ਤੇ ਵੀ ਫਲੈਗ ਮਾਰਚ ਕੱਢੇ ਗਏ। ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਬਠਿੰਡਾ ਪੁਲਿਸ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਪੁਆਈਆਂ ਜਾਣ ਵਾਲੀਆਂ ਵੋਟਾਂ ਤੋਂ ਦੋ ਦਿਨ ਪਹਿਲਾਂ ਹੀ ਮੁਸਤੈਦ ਹੋ ਗਈ ਹੈ।
ਵੇਰਵਿਆਂ ਮੁਤਾਬਕ ਬਠਿੰਡਾ ਜਿਲ੍ਹਾ ਸੁਰੱਖਿਆ ਦੇ ਨਜ਼ਰੀਏ ਤੋਂ ‘ਅਤੀਸੰਵੇਦਨਸ਼ੀਲ ਜੋਨ’ ਬਣ ਗਿਆ ਹੈ ਜਿਸ ਕਰਕੇ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੂੰ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਬਠਿੰਡਾ ਜਿਲ੍ਹੇ ’ਚ ਵੋਟਾਂ ਪੁਆਉਣ ਲਈ 826 ਪੋਲਿੰਗ ਬੂਥ ਬਣਾਏ ਗਏ ਹਨ। ਇੰਨ੍ਹਾਂ ਵਿੱਚੋਂ 141 ਬੂਥ ਅਤੀਸੰਵੇਦਨਸ਼ੀਲ ਮੰਨੇ ਗਏ ਹਨ ਜਿੱਥੇ ਲੜਾਈ ਫਸਾਦ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇੰਨ੍ਹਾਂ ’ਚ ਸਭ ਤੋਂ ਵੱਧ ਪਿੰਡ ਬਠਿੰਡਾ ,ਰਾਮਪੁਰਾ, ਫੂਲ ਅਤੇ ਤਲਵੰਡੀ ਸਾਬੋ ਬਲਾਕ ’ਚ ਹਨ। ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਇੰਨ੍ਹਾਂ ਬੂਥਾਂ ਤੇ ਆਮ ਨਾਲੋ ਵੱਧ ਸਖਤ ਸੁਰੱਖਿਆ ਪਹਿਰਾ ਲਾਇਆ ਜਾਏਗਾ। ਪੁਲਿਸ ਅਤੇ ਸੀਆਈਡੀ ਵੀ ਸਾਦੇ ਕੱਪੜਿਆਂ ’ਚ ਚੋਣ ਅਮਲ ਦੀ ਨਿਗਰਾਨੀ ਰੱਖੇਗੀ ਤਾਂ ਜੋ ਕੋਈ ਗੜਬੜ ਨਾਂ ਹੋ ਸਕੇ। ਇਸੇ ਤਰਾਂ ਹੀ ਜਿਲ੍ਹਾ ਚੋਣ ਪ੍ਰਸ਼ਾਸ਼ਨ ਵੱਲੋਂ 409 ਪੋÇਲੰਗ ਬੂਥਾਂ ਨੂੰ ਸੰਵੇਦਨਸ਼ੀਲ ਕੈਟਾਗਰੀ ’ਚ ਰੱਖਿਆ ਗਿਆ ਹੈ ਜਦੋਂਕਿ ਸਿਰਫ 276 ਪੋਲਿੰਗ ਬੂਥ ਅਜਿਹੇ ਹਨ ਜਿੰਨ੍ਹਾਂ ਨੂੰ ਨਾਰਮਲ ਐਲਾਨਿਆ ਹੈ।
ਪਟਿਆਲਾ ਪੁਲਿਸ ਦੀ ਕਥਿਤ ਆਡੀਓ ਤੋਂ ਬਾਅਦ ਕਿਸੇ ਵੀ ਕਿਸਮ ਦਾ ਮਹੌਲ ਵਿਗੜਨ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਤਰਫੋਂ ਬਠਿੰਡਾ ਜਿਲ੍ਹੇ ’ਚ ਹੋਰਨਾਂ ਥਾਵਾਂ ਨਾਲੋਂ ਜਿਆਦਾ ਸਖਤੀ ਦਿਖਾਈ ਜਾ ਰਹੀ ਹੈ। ਵੇਰਵਿਆਂ ਮੁਤਾਬਕ ਪੁਲਿਸ ਅਫਸਰਾਂ ਨੇ ਸੰਵੇਦਨਸ਼ੀਲ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਅਜਿਹੇ ਪਿੰਡਾਂ ਦੀ ਸਮੀਖਿਆ ਕੀਤੀ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ ਪ੍ਰਭਾਵਸ਼ਾਲੀ ਸਿਆਸਤਦਾਨਾਂ ਵਾਲੇ ਹਲਕਿਆਂ ‘ਚ ਕਾਨੂੰਨ ਵਿਵਸਥਾ ਤੇ ਵਿਸ਼ੇਸ਼ ਨਜ਼ਰ ਰੱਖਣ ਦੀ ਲੋੜ ਹੈ। ਬਠਿੰਡਾ ਜਿਲ੍ਹਾ ਸਿਆਸੀ ਪੱਖ ਤੋਂ ਅਕਸਰ ਸੁਰਖੀਆਂ ‘ਚ ਰਹਿੰਦਾ ਹੋਣ ਕਰਕੇ ਇਸ ਜਿਲ੍ਹੇ ਦੇ ਚਾਰ ਬਲਾਕਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਸੀਆਈਡੀ ਨੇ ਪੰਜਾਬ ਪੁਲਿਸ ਨੂੰ ਕੁੱਝ ਪਿੰਡਾਂ ਸਬੰਧੀ ਰਿਪੋਰਟ ਦਿੱਤੀ ਸੀ। ਰਿਪੋਰਟ ’ਚ ਵੋਟਾਂ ਵਾਲੇ ਦਿਨ ਜਾਂ ਇੱਕ ਦਿਨ ਪਹਿਲਾਂ ਆਪਸ ਵਿੱਚ ਦੰਗਾ ਫਸਾਦ ਹੋਣ ਦੀ ਸੰਭਾਵਨਾ ਜਤਾਈ ਗਈ ਸੀ ਪਰ ਕੋਈ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੋਇਆ ਹੈ।
ਇੰਨ੍ਹਾਂ ਚੋਣਾਂ ਲਈ ਸਮੂਹ ਸਿਆਸੀ ਧਿਰਾਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ। ਆਮ ਆਦਮੀ ਪਾਰਟੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ । ਆਪ ਆਗੂਆਂ ਵੱਲੋਂ ਪਿੰਡਾਂ ’ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਔਰਤ ਵੋਟਰਾਂ ਨੂੰ ਲੁਭਾਉਣ ਲਈ ਜਲਦੀ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਨੇ ਪਿਛਲੇ ਦਿਨਾਂ ’ਚ ਪੰਜਾਬ ਵਿਰੋਧੀ ਫ਼ੈਸਲੇ ਲਏ ਅਤੇ ਮੋੜਾ ਵੀ ਕੱਟਿਆ ਦੇ ਆਗੂ ਪੇਂਡੂ ਪੰਜਾਬ ਦੀ ਨਬਜ਼ ਟਟੋਲ ਰਹੇ ਹਨ। ਭਾਜਪਾ ਅਤੇ ਸ਼ਰੋਮਣੀ ਅਕਾਲੀ ਦਲ ਦੀ ਪੇਂਡੂ ਚੋਣਾਂ ਵਿਚਲੀ ਕਾਰਗੁਜ਼ਾਰੀ ਦੋਵੇਂ ਧਿਰਾਂ ਵਿਚਕਾਰ ਗੱਠਜੋੜ ਦੀ ਸੰਭਾਵਨਾਂ ਨਿਰਧਾਰਿਤ ਕਰੇਗੀ। ਇਹ ਚੋਣਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਵੀ ਫੈਸਲਾ ਕਰਨਗੀਆਂ। ਅਜਿਹੇ ਹਾਲਾਤਾਂ ਦਰਮਿਆਨ ਪਿੰਡਾਂ ’ਚ ਟਕਰਾਅ ਦੀ ਸੰਭਾਵਨਾ ਰਹਿੰਦੀ ਹੈ ਜਿਸ ਕਰਕੇ ਪੁਲਿਸ ਨੇ ਸੁਰੱਖਿਆ ਚੂੜੀ ਕਸੀ ਹੈ।
ਸੁਰੱਖਿਆ ਦੇ ਕਰੜੇ ਪ੍ਰਬੰਧ
ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫਲੈਗ ਮਾਰਚ ਵੀ ਇਸੇ ਪ੍ਰਕਿਰਿਆ ਦਾ ਹਿੱਸਾ ਹੈ । ਉਨ੍ਹਾਂ ਕਿਹਾ ਕਿ ਪੁਲਿਸ ਸ਼ਰਾਰਤੀ ਤੱਤਾਂ ਨਾਲ ਕਰੜੇ ਹੱਥੀ ਨਿਪਟੇਗੀ ਤੇ ਕਿਸੇ ਵੀ ਕਿਸਮ ਦੀ ਗੜਬੜ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਦੀ ਰੋਕਥਾਮ ਲਈ ਪੂਰੀ ਤਰਾਂ ਮੁਸਤੈਦੀ ਨਾਲ ਕੰਮ ਕਰ ਰਹੀ ਹੈ।
ਪੋਲਿੰਗ ਪ੍ਰਬੰਧਾਂ ਨੂੰ ਅੰਤਿਮ ਰੂਪ
ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧਿਮਾਨ ਦਾ ਕਹਿਣਾ ਸੀ ਕਿ ਬਠਿੰਡਾ ਜਿਲ੍ਹੇ ’ਚ 6 ਲੱਖ 47 ਹਜ਼ਾਰ 802 ਵੋਟਰ ਹਨ ਜੋ 511 ਉਮੀਦਵਾਰਾਂ ਲਈ ਬੈਲਟ ਪੇਪਰ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਜਿਲ੍ਹੇ ’ਚ ਪੁਰਸ਼ ਵੋਟਰ 3 ਲੱਖ 40 ਹਜ਼ਾਰ 376, ਔਰਤਾਂ 3 ਲੱਖ 07 ਹਜ਼ਾਰ 417 ਅਤੇ 9 ਥਰਡ ਜੈਂਡਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੁਆਈਆਂ ਜਾਣਗੀਆਂ ਅਤੇ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।