CM ਮਾਨ 8 ਨਵੰਬਰ ਨੂੰ ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ: MLA ਸ਼ੈਰੀ ਕਲਸੀ
ਬਟਾਲਾ ਹਲਕੇ ਸਮੇਤ ਨੇੜਲੇ ਵੱਖ ਵੱਖ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਮਿਲਣਗੀਆਂ ਵੱਖ-ਵੱਖ ਸਰਕਾਰੀ ਸੇਵਾਵਾਂ
ਰੋਹਿਤ ਗੁਪਤਾ
ਬਟਾਲਾ, 7 ਨਵੰਬਰ 2025- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅੱਜ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (ਨੇੜੇ ਜੁਡੀਸ਼ੀਅਲ ਕੰਪਲੈਕਸ) ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੁਬਾਰਕ ਮੌਕੇ ਦੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਬਟਾਲਾ ਹਲਕੇ ਸਮੇਤ ਵੱਖ-ਵੱਖ ਨੇੜਲੇ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਮੁਹੱਈਆ ਹੋਣਗੀਆਂ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਕਰੀਬ 1 ਏਕੜ 5.5 ਕਨਾਲ ਵਿੱਚ ਉਸਾਰੇ ਗਏ ਇਸ ਤਹਿਸੀਲ ਕੰਪਲੈਕਸ ਵਿੱਚ ਐਸ.ਡੀ.ਐਮ. ਦਫ਼ਤਰ, ਰੀਡਰ ਰੂਮ, ਐਸ.ਡੀ.ਐਮ. ਕੋਰਟ, ਵੇਟਿੰਗ ਹਾਲ, ਕੰਨਟੀਨ, ਐਂਟਰੈਂਸ ਹਾਲ, ਪੋਰਚ, ਟਾਇਲਟ ਬਲਾਕ, ਫਰਦ ਸੈਂਟਰ, ਸਬ ਰਜਿਸਟਾਰ ਆਫ਼ਿਸ, ਸਟਾਫ਼ ਰੂਮ, ਰਜਿਸਟ੍ਰੇਸ਼ਨ ਰੂਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਸਥਿਤ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਕੰਪਲੈਕਸ ਵਿੱਚ ਕਾਨੂੰਗੋ, ਪਟਵਾਰਖਾਨੇ ਤੋਂ ਇਲਾਵਾ ਸੇਵਾ ਕੇਂਦਰ ਸਥਿਤ ਹੈ। ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਈਜੀ ਰਜਿਸਟਰੀ ਦਫਤਰ ਹੈ। ਲੋਕਾਂ ਦੀ ਸਹੂਲਤ ਲਈ ਲਿਫਟ ਲਗਾਈ ਹੈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦੇ ਨੇੜੇ ਹੀ ਜੁਡੀਸ਼ੀਅਲ ਕੰਪਲੈਕਸ ਬਟਾਲਾ ਅਤੇ ਪੁਲਿਸ ਲਾਈਨ ਸਥਿਤ ਹੈ। ਜਿਸ ਨਾਲ ਲੋਕਾਂ ਨੂੰ ਆਪਣੇ ਕੰਮ ਕਰਨੇ ਸੁਖਾਲੇ ਹੋਣਗੇ। ਉਨ੍ਹਾਂ ਦੱਸਿਆ ਕਿ ਨਵੇਂ ਤਹਿਸੀਲ ਕੰਪਲੈਕਸ ਬਣਾਉਣ ਦਾ ਨੀਂਹ ਪੱਥਰ 4 ਜਨਵਰੀ 2024 ਨੂੰ ਰੱਖਿਆ ਗਿਆ ਸੀ, ਜਿਸਦੀ ਇਮਾਰਤ ਰਿਕਾਰਡ 15 ਮਹੀਨਿਆਂ ਵਿੱਚ ਮੁਕੰਮਲ ਹੋ ਗਈ ਸੀ।