- By : ਬਾਬੂਸ਼ਾਹੀ ਬਿਊਰੋ
- First Published : Thursday, Feb 12, 2026 05:50 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਥਾਣੇਦਾਰ ਨੂੰ ਉਮਰ ਕੈਦ ਦੀ ਦਿੱਤੀ ਦੂਹਰੀ ਸਜ਼ਾ ਨੇ ਲਾਇਆ ਪੁਲਿਸ ਦੀ ਕਲਗੀ ’ਚ ਚੰਦਰਾ ਖੰਭ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2026: ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ’ਚ ਵਿਧਵਾ ਨਾਲ ਜਬਰਦਸਤੀ ਬਲਾਤਕਾਰ ਦੇ ਮਾਮਲੇ ’ਚ ਅਦਾਲਤ ਵੱਲੋਂ ਇੱਕ ਏਐਸਆਈ ਨੂੰ ਉਮਰ ਕੈਦ ਦੀ ਦੂਹਰੀ ਸਜ਼ਾ ਦੇਣ ਨੇ ਪੰਜਾਬ ਪੁਲਿਸ ਦੀ ਕਲਗੀ ’ਚ ਇੱਕ ਹੋਰ ਨਵਾਂ ਖੰਭ ਲਾ ਦਿੱਤਾ ਹੈ। ਅਦਾਲਤ ਨੇ ਇਸ ਜਬਰਜਿਨਾਂਹ ਕਾਂਡ ਨੂੰ ਹੱਦ ਦਰਜੇ ਦਾ ਗੰਭੀਰ ਮੰਨਦਿਆਂ ਜਿੱਥੇ ਦੋਹਰੀ ਕੈਦ ਦੀ ਸਜ਼ਾ ਸੁਣਾਈ ਉੱਥੇ ਹੀ 10-10 ਹਜ਼ਾਰ ਦਾ ਦੋ ਜੁਰਮਾਨੇ ਵੀ ਲਾਏ ਹਨ। ਬੁੱਧਵਾਰ ਨੂੰ ਪਤਾ ਲੱਗਿਆ ਸੀ ਕਿ ਏਐਸਆਈ ਗੁਰਵਿੰਦਰ ਸਿੰਘ ਨੂੰ ਦਿੱਤੀ ਸਜ਼ਾ ਇੱਕ ਤਾਉਮਰ ਕੈਦ ਦੀ ਹੈ । ਅੱਜ ਅਦਾਲਤ ਦਾ ਫੈਸਲਾ ਸਾਹਮਣੇ ਆਉਣ ਮਗਰੋਂ ਪੀੜਤਾ ਦੇ ਵਕੀਲ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਹੈ ਦੋਵੇਂ ਸਜ਼ਾਵਾਂ ਨਾਲੋ ਨਾਲ ਜਿੰਦਗੀ ਦੇ ਆਖਰੀ ਸਾਹ ਤੱਕ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਜੁਰਮ ਨੂੰ ਸਿਰੇ ਦਾ ਸੰਗੀਨ ਮੰਨਦਿਆਂ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੋਕੇ ਐਨੀ ਸਖਤ ਸਜ਼ਾ ਸੁਣਾਈ ਹੈ।
ਇਸ ਤੋਂ ਪਹਿਲਾਂ ਅੱਤਵਾਦ ਦੇ ਦਿਨਾਂ ਦੌਰਾਨ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ ਮਾਰੇ ਨੌਜਵਾਨਾਂ ਨੂੰ ਲੈਕੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੀ ਗੱਲ ਤਾਂ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਗੰਭੀਰ ਮਾਮਲਿਆਂ ਦੀ ਜਾਂਚ ਲਈ ਬਣਾਏ ਗਏ ਸੀਆਈਏ ਸਟਾਫ ’ਚ ਤਾਇਨਾਤ ਕਿਸੇ ਪੁਲਿਸ ਅਧਿਕਾਰੀ ਨੂੰ ਅਦਾਲਤ ਵੱਲੋਂ ਐਨੀ ਸਖਤ ਸਜ਼ਾ ਦਿੱਤੀ ਗਈ ਹੋਵੇ। ਇਸ ਸਜ਼ਾ ਦੇ ਮੀਡੀਆ ’ਚ ਸੁਰਖੀਆਂ ਬਣਨ ਤੋਂ ਬਾਅਦ ਅੱਜ ਪੂਰਾ ਦਿਨ ਪੁਲਿਸ ਹਲਕਿਆਂ ’ਚ ਏਐਸਆਈ ਗੁਰਵਿੰਦਰ ਸਿੰਘ ਨੂੰ ਤਾਉਮਰ ਕੈਦ ਦਾ ਮਾਮਲਾ ਚਰਚਾ ’ਚ ਵਿਸ਼ਾ ਬਣਿਆ ਰਿਹਾ । ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਇਸ ਛੋਟੇ ਥਾਣੇਦਾਰ ਵੱਲੋਂ ਸਭ ਹੱਦਾਂ ਬੰਨੇ ਟੱਪਕੇ ਇੱਕ ਵਿਧਵਾ ਔਰਤ ਨਾਲ ਵਰਤਾਏ ਅਜਿਹੇ ਮੰਦਭਾਗੇ ਵਰਤਾਰੇ ਨੇ ਨਾਂ ਸਿਰਫ ਪੁਲਿਸ ਦਾ ਅਕਸ ਵਿਗਾੜਨ ਵਾਲਾ ਕੰਮ ਕੀਤਾ ਹੈ ਬਲਕਿ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਰਾਹੀਂ ਕੀਤੀਆਂ ਅਹਿਮ ਪ੍ਰਾਪਤੀਆਂ ਨੂੰ ਵੀ ਗ੍ਰਹਿਣ ਲਾਇਆ ਹੈ।
ਹਾਲਾਂਕਿ ਇਸ ਮੁੱਦੇ ’ਤੇ ਕੋਈ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਸੰਘਰਸ਼ ਕਰਨ ਵਾਲਿਆਂ ਦੀ ਕੁੱਟਮਾਰ ਅਤੇ ਬੋਲਬਾਣੀ ਨੂੰ ਲੈਕੇ ਜੋ ਪੁਲਿਸ ਬਦਨਾਮ ਸੀ ਉਸ ਦੇ ਮੁਲਾਜਮ ਨੂੰ ਅਜਿਹੀ ਮਹੱਤਵਪੂਰਨ ਸਜ਼ਾ ਵਿਸ਼ਵ ’ਚ ਚੋਟੀ ਦੀਆਂ ਸੁਰੱਖਿਆ ਫੋਰਸਾਂ ਚੋਂ ਇੱਕ ਮੰਨੀ ਜਾਂਦੀ ਪੰਜਾਬ ਪੁਲਿਸ ਵਾਸਤੇ ਨਮੋਸ਼ੀਜਨਕ ਹੈ। ਕੁੱਝ ਪੁਲਿਸ ਮੁਲਾਜਮਾਂ ਨੇ ਮੰਨਿਆ ਕਿ ਇਸ ਜਬਰਜਿਨਾਂਹ ਕਾਂਡ ਨੇ ਤਾਂ ਪੁਲਿਸ ਦੀ ਕਲਗੀ ਵਿੱਚ ਅਜਿਹਾ ਖੰਭ ਲਾਇਆ ਹੈ ਜਿਸ ਕਾਰਨ ਪੁਲਿਸ ਦੇ ਮੱਥੇ ਤੇ ਲੱਗਿਆ ਦਾਗ ਧੋਣ ਵਿੱਚ ਲੰਮਾਂ ਸਮਾਂ ਲੱਗੇਗਾ। ਭਾਵੇਂ ਪੰਜਾਬ ਪੁਲਿਸ ਦੇ ਹੋਰ ਵੀ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਕਰੀਬ 4 ਸਾਲ ਪਹਿਲਾਂ ਵਾਪਰੀ ਇਸ ਘਟਨਾ ਨੇ ਪੁਲਿਸ ਦਾ ਚਿਹਰਾ ਮੋਹਰਾ ਪੂਰੀ ਤਰਾਂ ਦਾਗਦਾਰ ਕੀਤਾ ਹੈ। ਇਨਸਾਫਪਸੰਦ ਧਿਰਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਦੇ ਨਾਮ ਹੇਠ ਅਜਿਹੀ ਕਾਰਵਾਈ ਅੱਤਵਾਦ ਦੇ ਕਾਲੇ ਦਿਨਾਂ ਦੀ ਯਾਦ ਕਰਵਾਉਣ ਵਾਲੀ ਹੈ ਜਦੋਂ ਅਜਿਹੀਆਂ ਘਟਨਾਵਾਂ ਆਮ ਸਨ।
ਦੱਸਣਯੋਗ ਹੈ ਕਿ ਪੁਲਿਸ ਨੇ ਮਈ 2021 ’ਚ ਪਿੰਡ ਬਾਠ ਦੀ ਇੱਕ ਵਿਧਵਾ ਔਰਤ ਦੇ ਪੁੱਤਰ ਖਿਲਾਫ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ ਜੋ ਇਸ ਬਲਾਤਕਾਰ ਕਾਂਡ ਦਾ ਕਾਰਨ ਬਣਿਆ ਸੀ। ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਸੀਆਈਏ ਸਟਾਫ ਬਠਿੰਡਾ ’ਚ ਤਾਇਨਾਤ ਸੀ ਜਿਸ ਕੋਲ ਇਸ ਪੁਲਿਸ ਕੇਸ ਦੀ ਜਾਂਚ ਸੀ। ਪੀੜਤਾ ਅਨੁਸਾਰ ਪੁੱਤਰ ਖਿਲਾਫ ਕੇਸ ਦੀ ਆੜ ’ਚ ਥਾਣੇਦਰ ਗੁਰਵਿੰਦਰ ਸਿੰਘ ਨੇ ਜਬਰਦਸਤੀ ਸਰੀਰਕ ਸਬੰਧ ਬਣਾਏ ਸਨ। ਆਪਣੇ ਮਨਸੂਬਿਆਂ ’ਚ ਸਫਲ ਹੋਣ ਤੋਂ ਬਾਅਦ ਥਾਣੇਦਾਰ ਨੇ ਔਰਤ ਦੇ ਘਰ ਆਉਣ ਦੀ ਜਿਦ ਫੜ੍ਹ ਲਈ। ਆਪਣੇ ਪੁੱਤ ਨੂੰ ਬਚਾਉਣ ਲਈ ਬਰਦਾਸ਼ਤ ਕਰਦੀ ਰਹੀ ਪੀੜਤਾ ਨੇ ਪਿੰਡ ਵਾਸੀਆਂ ਤੇ ਪ੍ਰੀਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ । ਬਦਨਾਮੀ ਦੇ ਡਰੋਂ ਲੋਕਾਂ ਨੇ ਥਾਣੇਦਾਰ ਨੂੰ ਬੜਾ ਸਮਝਾਇਆ ਬੁਝਾਇਆ ਤਾਂਜੋ ਮਾਮਲਾ ਦਬਿਆ ਰਹੇ ਪਰ ਵਰਦੀ ਦੇ ਰੋਹਬ ਕਾਰਨ ਏਐਸਆਈ ਨੇ ਟਿੱਚ ਜਾਣਦਿਆਂ ਔਰਤ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ।
ਅੱਕੇ ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਰੰਗੇ ਹੱਥੀਂ ਫੜ੍ਹ ਲਿਆ ਅਤੇ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ’ਚ ਉਹ ਨਿਰਵਸਤਰ ਦਿਸਿਆ ਸੀ। ਇਸ ਮੌਕੇ ਥਾਣਾ ਨਥਾਣਾ ਪੁਲਿਸ ਨੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਲ੍ਹਾ ਪੁਲਿਸ ਨੇ ਬਰਖਾਸਤ ਕਰ ਦਿੱਤਾ । ਬਦਨਾਮੀ ਕਾਰਨ ਉਸ ਨੇ ਖੁਦਕਸ਼ੀ ਦੀ ਕੋਸ਼ਿਸ਼ ਵੀ ਕੀਤੀ ਪਰ ਬਚ ਗਿਆ। ਮਾਮਲੇ ਦੇ ਗਵਾਹ ਭੋਲਾ ਸਿੰਘ ਮਾਨ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਪੀੜਤਾ ਅਤੇ ਉਨ੍ਹਾਂ ’ਤੇ ਭਾਰੀ ਦਬਾਅ ਪਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਨਾਲ ਖਰੀਦਣ ਦੇ ਯਤਨ ਵੀ ਕੀਤੇ ਗਏ ਅਤੇ ਅਤੇ ਝੂਠਾ ਮੁਕੱਦਮਾ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਹਰ ਵਾਰੀ ਮੂੰਹ ਦੀ ਖਾਣੀ ਪਈ। ਉਨ੍ਹਾਂ ਪੀੜਤ ਔਰਤ ਦੇ ਹੌਂਸਲੇ ਦੀ ਦਾਦ ਵੀ ਦਿੱਤੀ ਜੋ ਇੱਕ ਔਰਤ ਹੋਣ ਦੇ ਬਾਵਜੂਦ ਝੁਕੀ ਨਹੀਂ ਅਤੇ ਅੰਤ ਇਨਸਾਫ ਲੈਕੇ ਹੀ ਸਾਹ ਲਿਆ।
ਨਿਆਂ ਪ੍ਰਣਾਲੀ ’ਚ ਭਰੋਸਾ ਵਧਿਆ
ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਦਾ ਕਹਿਣਾ ਸੀ ਕਿ ਅਦਾਲਤ ਦੇ ਇਸ ਫੈਸਲੇ ਨਾਲ ਆਮ ਲੋਕਾਂ ਦਾ ਨਿਆਂ ਪ੍ਰਣਾਲੀ ’ਚ ਭਰੋਸਾ ਵਧੇਗਾ। ਉਨ੍ਹਾਂ ਕਿਹਾ ਕਿ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com