Babushahi Special ਕਹਿ ਦਿਓ ਹਕੂਮਤਾਂ ਨੂੰ ਹੌਂਸਲੇ ਬੁਲੰਦ ਰੱਖੇ ਆ ਚੰਦ ਸੂਰਜ ਮੁੱਠੀਆਂ ਵਿੱਚ ਬੰਦ ਰੱਖੇ ਆ
ਅਸ਼ੋਕ ਵਰਮਾ
ਬਠਿੰਡਾ,25 ਨਵੰਬਰ2023:ਦਿੱਲੀ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਲੱਗਣ ਵਾਲਾ ਕਿਸਾਨ ਮੋਰਚਾ ਹਕੂਮਤਾਂ ਲਈ ਚੁਣੌਤੀ ਬਣ ਗਿਆ ਹੈ। ਇਸ ਮੋਰਚੇ ਦਾ ਮਕਸਦ ਦਿੱਲੀ ਅੰਦੋਲਨ ਮੌਕੇ ਮੰਨੀਆਂ ਮੰਗਾਂ ਅਤੇ ਐਮਐਸਪੀ ਲਾਗੂ ਕਰਵਾਉਣ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਨਾਲ ਛੇੜਛਾੜ ਖਿਲਾਫ ਮੋਦੀ ਸਰਕਾਰ ਨੂੰ ਬਾਜ ਆਉਣ ਦੀ ਚਿਤਾਵਨੀ ਦੇਣਾ ਹੈ । ਇਸ ਮੋਰਚੇ ’ਚ ਪੰਜਾਬ ਦੀਆਂ ਕਰੀਬ ਤਿੰਨ ਦਰਜਨ ਕਿਸਾਨ ਜੱਥੇਬੰਦੀਆਂ ਭਾਗ ਲੈ ਰਹੀਆਂ ਹਨ ਜੋ ਆਪੋ ਆਪਣੇ ਟਰੈਕਟਰਾਂ , ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਚੰਡੀਗੜ੍ਹ ਪੁੱਜਣਗੀਆਂ। ਇੰਨ੍ਹਾਂ ਕਿਸਾਨ ਧਿਰਾਂ ਵੱਲੋਂ 26 ਨਵੰਬਰ ਨੂੰ ਮਸਲਿਆਂ ਸਬੰਧੀ ਪ੍ਰਦਰਸ਼ਨ ਕੀਤਾ ਜਾਣਾ ਹੈ। ਦਿੱਲੀ ਅੰਦੋਲਨ ਤੋਂ ਪੰਜ ਸਾਲ ਬਾਅਦ ਇੱਕ ਵਾਰ ਫਿਰ ਚੰਡੀਗੜ੍ਹ ਚੱਲੋ ਤਿਆਰੀ ਲਈ ਸਮੁੱਚਾ ਪੰਜਾਬ ਸੰਘਰਸ਼ੀ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਪਿੰਡਾਂ ਵਿੱਚ ਕਿਸਾਨ ਆਪੋ ਆਪਣੇ ਪੱਧਰ ਤੇ ਤਿਆਰੀਆਂ ਕਰਨ ’ਚ ਜੁਟੇ ਹੋਏ ਹਨ।
ਕਿਸਾਨ ਕਾਰਕੁੰਨਾਂ ਨੇ ਲੰਗਰ ਲਈ ਰਾਸ਼ਨ ਇਕੱਠਾ ਕੀਤਾ ਹੈ ਅਤੇ ਤਰੱਦਦ ਤੋਂ ਬਚਣ ਲਈ ਔਰਤਾਂ ਇਕੱਠੀਆਂ ਹੋਕੇ ਆਟਾ ਛਾਣਨ ‘ਚ ਰੁੱਝੀਆਂ ਹੋਈਆਂ ਹਨ। ਮੌਸਮ ਦੇ ਰੰਗਾਂ ਨੂੰ ਦੇਖਦਿਆਂ ਕਈ ਪਿੰਡਾਂ ’ਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਟਰਾਲੀਆਂ ਦੀ ਸਾਫ ਸਫਾਈ ਕੀਤੀ ਜਾ ਰਹੀ ਹੈ ਤਾਂ ਜੋ ਠੰਢ ਤੋਂ ਵੀ ਬਚਿਆ ਜਾ ਸਕੇ। ਨਰਮਾ ਪੱਟੀ ਦੇ ਚਾਰ ਜ਼ਿਲਿ੍ਹਆਂ ਵਿੱਚ ਖੇਤੀ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਹਕੂਮਤਾਂ ਨੂੰ ਦਿਖਾਉਣ ਲਈ ਚਿੱਟੀਆਂ ਚੁੰਨੀਆਂ ਧੋ ਲਈਆਂ ਹਨ। ਕੋਈ ਮਾਂ ਖੁਦਕੁਸ਼ੀ ਦੇ ਰਾਹ ਗਏ ਕਮਾਊ ਪੁੱਤ ਦੀ ਤਸਵੀਰ ਨੂੰ ਚੁੰਨੀ ਨਾਲ ਸਾਫ ਕਰਨ ਲੱਗੀ ਹੈ ਅਤੇ ਕੋਈ ਵਿਧਵਾ ਪਤੀ ਦੀ ਤਸਵੀਰ ਲੈ ਕੇ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਹਰਿੰਦਰ ਕੌਰ ਬਿੰਦੂ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਕੂਚ ਦੇ ਮੱਦੇਨਜ਼ਰ ਕਿਸਾਨ ਔਰਤਾਂ ਨੂੰ ਲਾਮਬੰਦ ਕਰਨ ’ਚ ਲੱਗੀ ਹੋਈ ਹੈ।
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਆਖਦੇ ਹਨ ਕਿ ਚੰਡੀਗੜ੍ਹ ਕੂਚ ਵਿੱਚ ਇਕੱਲੇ ਕਿਸਾਨ ਹੀ ਨਹੀਂ ਬਲਕਿ ਖੇਤ ਮਜ਼ਦੂਰ, ਬੇਰੁਜ਼ਗਾਰ ,ਬੇਜਮੀਨ ਤੇ ਕਰਜਿਆਂ ਦੀ ਮਾਰ ਹੇਠ ਆਕੇ ਖੁਦਕਸ਼ੀ ਕਰ ਗਏ ਖੇਤ ਮਜ਼ਦੂਰਾਂ ਦੀਆਂ ਵਿਧਵਾਵਾਂ ਵੀ ਜਾਣਗੀਆਂ ਕਿਉਂਕਿ ਇਹ ਇਕੱਲੀ ਕਿਸਾਨੀ ਦਾ ਮਸਲਾ ਨਹੀਂ ਖੇਤਾਂ ਨਾਲ ਜੁੜੇ ਹਰ ਵਿਅਕਤੀ ਦੀ ਜਿੰਦਗੀ ਨਾਲ ਜੁੜਿਆ ਹੋਇਆ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਕੋਠਾ ਗੁਰੂ ਵਿੱਚ ਵੀ ਕਿਸਾਨੀ ਅਤੇ ਜਵਾਨੀ ਦੇ ਇੱਕ ਵਾਰ ਫਿਰ ਤੋਂ ਮੁੱਕੇ ਤਣੇ ਹਨ। ਇਸੇ ਸਾਲ ਹਰਿਆਣਾ ਦੀ ਮਹਾਂਪੰਚਾਇਤ ’ਚ ਸ਼ਾਮਲ ਹੋਣ ਜਾ ਰਹੀ ਬੱਸ ਨਾਲ ਧੁੰਦ ਕਾਰਨ ਵਾਪਰੇ ਹਾਦਸੇ ਦੌਰਾਨ ਕੋਠਾ ਗੁਰੂ ਦੇ ਮੋਹਰੀ ਕਿਸਾਨ ਆਗੂ ਬਸੰਤ ਸਿੰਘ , ਤਿੰਨ ਔਰਤਾਂ ਅਤੇ ਇੱਕ ਕਿਸਾਨ ਸਮੇਤ ਪੰਜ ਜਣਿਆਂ ਦੀ ਦੁਖਦਾਈ ਮੌਤ ਹੋ ਗਈ ਸੀ। ਇਸ ਤਰਾਂ ਦੀ ਅਣਹੋਣੀ ਦੇ ਬਾਵਜੂਦ ਪਿੰਡ ਦੇ ਕਿਸਾਨ ਚੰਡੀਗੜ੍ਹ ਜਾਣ ਲਈ ਤਿਆਰੀਆਂ ’ਚ ਰੁੱਝੇ ਹੋਏ ਹਨ।
ਪਿੰਡ ਵਾਸੀ ਕਿਸਾਨ ਆਗੂ ਜਸਪਾਲ ਸਿੰਘ ਕੋਠਾ ਗੁਰੂ ਦਾ ਕਹਿਣਾ ਸੀ ਕਿ ਪੰਜ ਦੁਖਦਾਈ ਮੌਤਾਂ ਦੇ ਬਾਵਜੂਦ ਕਿਸਾਨਾਂ ਅਤੇ ਕਿਸਾਨ ਔਰਤਾਂ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੋਰਚੇ ਲਈ ਤਿਆਰੀ ਮੁਕੰਮਲ ਹੋ ਗਈ ਹੈ ਅਤੇ ਗੱਡੀਆਂ ਵਗੈਰਾ ਵੀ ਠੀਕ ਕਰਵਾ ਲਈਆਂ ਹਨ ਤਾਂ ਜੋ ਕੋਈ ਦਿੱਕਤ ਨਾਂ ਆਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕੰਧ ਤੇ ਲਿਖਿਆ ਪੜ੍ਹਕੇ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਇਹ ਸਮਝਦੀ ਹੈ ਕਿ ਕਿਸਾਨੀ ਨਾਲ ਕੀਤੇ ਵਾਅਦਿਆਂ ਤੋਂ ਭੱਜਿਆ ਜਾ ਸਕੇਗਾ ਤਾਂ ਇਹ ਉਨ੍ਹਾਂ ਦਾ ਭੁਲੇਖਾ ਜਾਂ ਗਲ੍ਹਤਫਹਿਮੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਤਾਂ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਕੀਤਾ ਸੀ ਇਸ ਲਈ ਹੁਣ ਵੀ ਸਰਕਾਰਾਂ ਵਕਤ ਦੀ ਨਜ਼ਾਕਤ ਪਛਾਨਣ ਅਤੇ ਕਿਸਾਨੀ ਮੰਗਾਂ ਲਈ ਨਿੱਗਰ ਪਹਿਲਕਦਮੀ ਕਰਨ।
ਖੁਫੀਆ ਏਜੰਸੀਆਂ ਚੌਕਸ
ਕਿਸਾਨੀ ਮੋਰਚੇ ਨੂੰ ਦੇਖਦਿਆਂ ਕੇਂਦਰ ਅਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਸੂਤਰ ਦੱਸਦੇ ਹਨ ਕਿ ਇੰਨ੍ਹਾਂ ਏਜੰਸੀਆਂ ਨੇ ਜੋ ਗੁਪਤ ਰਿਪੋਰਟ ਭੇਜੀ ਹੈ ਉਸ ਵਿੱਚ ਕਿਸਾਨੀ ਰੋਹ ਨੂੰ ਮਾਪਦੰਡ ਬਣਾਇਆ ਗਿਆ ਹੈ। ਹਾਲਾਂਕਿ ਕਿਸੇ ਕਿਸਾਨ ਆਗੂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਅੰਦਰੋ ਅੰਦਰੀ ਕਿਸਾਨ ਧਿਰਾਂ ਵੱਲੋਂ ਦਿੱਲੀ ਵਾਗ ਡੇਰੇ ਜਮਾਉਣ ਦਾ ਡਰ ਸਤਾ ਰਿਹਾ ਹੈ।
ਕਿਸਾਨੀ ਰੋਹ ਦਾ ਪ੍ਰਮਾਣ:ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦਾ ਕਹਿਣਾ ਸੀ ਕਿ ਅਸਲ ’ਚ ਚੰਡੀਗੜ੍ਹ ਮੋਰਚਾ ਕਿਸਾਨੀ ਰੋਹ ਦੀ ਡੂੰਘਾਈ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨੀ ਮੰਗਾਂ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨ ਹੱਕ ਲਏ ਬਗੈਰ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ।
ਰਮਜ ਪਛਾਨਣ ਸਰਕਾਰਾਂ:ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਕਿਸਾਨ ਜੱਥੇਬੰਦੀਆਂ ਨੇ ਆਪਣੀ ਮੰਗਾਂ ਮੰਨਵਾਉਣ ਲਈ ਆਪਣਾ ਇਰਾਦਾ ਹੈ ਸਪਸ਼ਟ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਵੀ ਹੁਣ ਕਿਸਾਨ ਘੋਲ ਦੀ ਰਮਜ਼ ਪਛਾਣ ਲੈਣੀ ਚਾਹੀਦੀ ਹੈ।