Babushahi Special ਆਮ ਆਦਮੀ ਨੂੰ ਲੁੱਟਣ ਪੱਟਣ ਵਾਲੇ ਮੁੱਦਿਆਂ ਤੋਂ ਬਠਿੰਡਾ ਦੀਆਂ ਸਿਆਸੀ ਧਿਰਾਂ ਨੇ ਦੜ ਵੱਟੀ
ਅਸ਼ੋਕ ਵਰਮਾ
ਬਠਿੰਡਾ , 17 ਮਾਰਚ 2026 : ਬਠਿੰਡਾ ਪੱਟੀ ਦੇ ਵਿਰੋਧੀ ਸਿਆਸੀ ਲੀਡਰ ਹੁਣ ਵਿਆਹਾਂ ਅਤੇ ਭੋਗਾਂ ’ਤੇ ਜਾਣ ਜੋਗੇ ਰਹਿ ਗਏ ਹਨ। ਰਾਜਨੀਤੀ ਦੇ ਇੰਨ੍ਹਾਂ ਭਲਵਾਨਾਂ ਨੇ ਆਮ ਲੋਕਾਂ ਦੇ ਮੁੱਦਿਆ ’ਤੇ ਸਮੂਹਿਕ ਅਵਾਜ ਉਠਾਉਣ ਤੋਂ ਚੁੱਪ ਵੱਟੀ ਹੋਈ ਹੈ। ਇਸ ਲਈ ਕੋਈ ਇੱਕ ਧਿਰ ਜਿੰਮੇਵਾਰ ਨਹੀਂ ਬਲਕਿ ਵਿਰੋਧੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਆਗੂ ਲੋਕ ਮਸਲਿਆਂ ਤੋਂ ਪਿੱਠ ਕਰਨ ਦੇ ਮਾਮਲੇ ’ਚ ਇੱਕ ਮੋਰੀ ਨਿਕਲ ਗਏ ਹਨ। ਹੁਣ ਤਾਂ ਆਮ ਆਦਮੀ ਨੂੰ ਖੱਬੇ ਪੱਖੀਆਂ ਤੋਂ ਵੀ ਆਸ ਨਹੀਂ ਬਚੀ ਹੈ ਜੋ ਮਾੜਾ ਮੋਟਾ ਭਾਅ ਵਧਾਉਣ ਤੋਂ ਬਾਅਦ ਅਸਮਾਨ ਸਿਰ ’ਤੇ ਚੁੱਕ ਲੈਂਦੀਆਂ ਸਨ। ਜਦੋਂ ਰਸੋਈ ਗੈਸ ਦੀ ਕਿੱਲਤ ਨੇ ਹਰ ਪ੍ਰੀਵਾਰ ਨੂੰ ਸੇਕ ਲਾਇਆ ਤਾਂ ਇੱਕ ਅੱਧ ਨੇਤਾ ਨੂੰ ਛੱਡਕੇ ਕਿਸੇ ਨੇ ਢੰਗ ਸਿਰ ਬਿਆਨ ਵੀ ਜਾਰੀ ਨਹੀਂ ਕੀਤਾ ਹੈ ਸੜਕਾਂ ’ਤੇ ਉਤਰਨਾ ਤਾਂ ਦੂਰ ਦੀ ਗੱਲ ਹੈ।
ਇਸ ਮਾਮਲੇ ’ਤੇ ਭਾਜਪਾ ਆਗੂਆਂ ਵੱਲੋਂ ਦੜ ਵੱਟਣ ਦੀ ਗੱਲ ਸਮਝ ਪੈਂਦੀ ਹੈ ਕਿਉਂਕਿ ਮਸਲਾ ਕੇਂਦਰ ਦੀ ਭਾਜਪਾ ਸਰਕਾਰ ਨਾਲ ਜੁੜਿਆ ਹੈ ਪਰ ਬਾਕੀਆਂ ਨੂੰ ਸੱਪ ਸੁੰਘਣ ਤੋਂ ਲੋਕ ਹੈਰਾਨ ਹਨ। ਓਧਰ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਮੁਕਾਮੀ ਨੇਤਾਵਾਂ ਨੇ ਵੀ ਆਮ ਆਦਮੀ ਨੂੰ ਵੱਜੀ ਸੱਟ ਖਿਲਾਫ ਕੋਈ ਵੱਡਾ ਹੋ ਹੱਲਾ ਨਹੀਂ ਮਚਾਇਆ ਹੈ। ਜਿਆਦਾਤਰ ਨੇਤਾ ਸੂਬਾ ਪੱਧਰ ਤੇ ਸੱਤਾਧਾਰੀ ਪਾਰਟੀ ਵੱਲੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਰਸੋਈ ਗੈਸ ਦੀ ਕਿੱਲਤ ਖਿਲਾਫ ਰੋਸ ਪ੍ਰਦਰਸ਼ਨ ’ਤੇ ਹੀ ਤਾੜੀਆਂ ਵਜਾ ਰਹੇ ਹਨ। ਉਂਜ ਏਨਾ ਜ਼ਰੂਰ ਹੈ ਕਿ ਹਾਕਮ ਪਾਰਟੀ ਦੇ ਵਿਧਾਇਕ ਦਿੱਲੀ ਦੀ ਖੰਘ ’ਚ ਖੰਘਣਾ ਨਹੀਂ ਭੁੱਲਦੇ ਹਨ। ਵਿਰੋਧੀ ਧਿਰ ਵੱਲੋਂ ਲੋਕ ਮਸਲੇ ਉਠਾਉਣ ਲਾਈ ਧਾਰੀ ਚੁੱਪ ਉਦੋਂ ਜਿਆਦਾ ਰੜਕਣ ਲੱਗੀ ਜਦੋਂ ਪੁਲਿਸ ਨੇ ਜਿਉਂਦ ’ਚ ਕਿਸਾਨਾਂ ਤੇ ਹੰੰਝੂ ਗੈਸ ਦੇ ਗੋਲੇ ਦਾਗਕੇ ਦੋ ਕਿਸਾਨ ਗੰਭੀਰ ਜਖਮੀ ਕਰ ਦਿੱਤੇ।
ਇੱਕ ਕਿਸਾਨ ਦਾ ਹੱਥ ਪਾਟਣ ਅਤੇ ਦੂਸਰੇ ਦੀ ਕਥਿਤ ਤੌਰ ’ਤੇ ਲੱਤ ਤੋੜਨ ਦਾ ਮੁੱਦਾ ਸੰਯੁਕਤ ਕਿਸਾਨ ਮੋਰਚਾ ਭਾਰਤ ’ਚ ਸ਼ਾਮਲ ਸਮੂਹ ਕਿਸਾਨ ਧਿਰਾਂ ਨੇ ਤਾਂ ਚੁੱਕਿਆ ਪਰ ਪੁਲਿਸ ਵਧੀਕੀ ਖਿਲਾਫ ਕਿਸੇ ਵੀ ਪਾਰਟੀ ਦੇ ਨੇਤਾ ਨੇ ਚੁੱਪ ਨਾ ਤੋੜੀ। ਗਰੀਬ ਪ੍ਰੀਵਾਰਾਂ ਨਾਲ ਸਬੰਧਤ ਹੋਰ ਵੀ ਕਈ ਮਾਮਲੇ ਹਨ ਜਿੰਨ੍ਹਾਂ ਦਾ ਵੱਡੀ ਪੱਧਰ ’ਤੇ ਰੌਲਾ ਰੱਪਾ ਪਿਆ ਅਤੇ ਮਜਦੂਰ ਜੱਥੇਬੰਦੀਆਂ ਧਰਨਿਆਂ ਮੁਜ਼ਾਹਰਿਆਂ ਦੇ ਰਾਹ ਪਈਆਂ ਪਰ ਮੁੱਠੀ ਭਰ ਸਿਆਸੀ ਲੀਡਰਾਂ ਨੇ ਸਿਵਾਏ ਇੱਕ-ਅੱਧਾ ਪ੍ਰੈਸ ਬਿਆਨ ਦਾਗਣ ਤੋਂ ਇਸ ਮਾਮਲੇ ’ਤੇ ਗਰੀਬਾਂ ਦਾ ਮਸਲਾ ਵੱਡੀ ਪੱਧਰ ’ਤੇ ਨਾ ਉਠਾਇਆ ਅਤੇ ਨਾਂ ਹੀ ਪੰਜਾਬ ਸਰਕਾਰ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ । ਦਿਲਚਸਪ ਗੱਲ ਇਹ ਵੀ ਹੈ ਕਿ ਇਸ ਸਭ ਉਦੋਂ ਹੋ ਰਿਹਾ ਹੈ ਜਦੋਂ ਹਰ ਸਿਆਸੀ ਧਿਰ ਕਿਸਾਨਾਂ , ਮਜ਼ਦੂਰਾਂ ਅਤੇ ਗਰੀਬਾਂ ਦੀ ਵੋਟਾਂ ਲਈ ਹਰ ਚੋਣ ’ਚ ਤਰਲੋਮੱਛੀ ਰਹਿੰਦੀ ਹੈ।
ਮਾਨਸਾ ਜਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਸਾਬਕਾ ਵਿਧਾਇਕ ਅਰਸ਼ੀ ਜਿੰਨ੍ਹਾਂ ਦੀ ਬਠਿੰਡਾ ’ਚ ਰਿਹਾਇਸ਼ ਹੈ ਕਿ ਸਾਂਝੇ ਮਾਮਲਿਆਂ ’ਤੇ ਲੋਕਾਂ ਵਿੱਚ ਕਦੇ ਕਦਾਈਂ ਹੀ ਦਿਖੇ ਹਨ। ਬਠਿੰਡਾ ਦੇ ਬੱਸ ਅੱਡੇ ਨੂੰ ਬਾਹਰ ਲਿਜਾਣ ਖਿਲਾਫ ਉਨ੍ਹਾਂ ਨੇ ਦੁਕਾਨਦਾਰਾਂ ਦੇ ਹੱਕ ਵਿੱਚ ਨਾਅਰਾ ਮਾਰਿਆ ਪਰ ਰਸੋਈ ਗੈਸ ਦੀ ਕਿੱਲਤ ਖਿਲਾਫ ਉਨ੍ਹਾਂ ਦੋ ਨਾਂ ਕੋਈ ਬਿਆਨ ਆਇਆ ਅਤੇ ਨਾਂ ਹੀ ਉਨ੍ਹਾਂ ਕਿਸੇ ਧਰਨੇ ਮੁਜ਼ਾਹਰੇ ਦੀ ਅਗਵਾਈ ਕੀਤੀ ਹੈ। ਉਂਜ ਅਰਸ਼ੀ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਸਰਗਰਮੀਆਂ ਚਲਾਉਂਦੇ ਨਜ਼ਰੀਂ ਪੈਂਦੇ ਹਨ। ਇਹੋ ਜਿਹਾ ਹਾਲ ਜਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦਾ ਰਿਹਾ ਹੈ ਜੋ ਹੋਰ ਕਈ ਮਸਲਿਆਂ ਨੂੰ ਲੈਕੇ ਕਾਫੀ ਚੁਸਤੀ ਦਿਖਾਉਂਦੇ ਰਹਿੰਦੇ ਹਨ ਪਰ ਭਖਦੇ ਜਨਤਕ ਮੁੱਦਿਆਂ ਨੂੰ ਲੈਕੇ ਉਨ੍ਹਾਂ ਨੇ ਵੀ ਕੋਈ ਵੱਡੀ ਸਰਗਰਮੀ ਨਹੀਂ ਦਿਖਾਈ ਹੈ। ਇਹੋ ਹਾਲ ਲੋਕ ਮੁੱਦਿਆਂ ਤੇ ਮੋਰਚੇ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਹੈ।
ਅਜਿਹਾ ਸ਼ਾਨਾਮੱਤਾ ਇਤਿਹਾਸ ਹੋਣ ਦੇ ਬਾਵਜੂਦ ਜਿਆਦਾਤਰ ਅਕਾਲੀ ਨੇਤਾ ਹੋਰਨਾਂ ਕਈ ਮਾਮਲਿਆਂ ’ਚ ਤਾਂ ਸਰਗਰਮ ਦਿਸਦੇ ਰਹਿੰਦੇ ਹਨ ਪਰ ਭਖਦੇ ਮੁੱਦੇ ਫਿਲਾਹਲ ਉਨ੍ਹਾਂ ਦੀ ਨਜ਼ਰੋਂ ਦੂਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਗੋਲਡੀ ਦਾ ਕਹਿਣਾ ਸੀ ਕਿ ਲੋਕ ਮੁੱਦਿਆਂ ਤੇ ਲੜਾਈ ਲੜਨੀ ਪਾਰਟੀ ਦੀ ਹਮੇਸ਼ਾ ਤਰਜੀਹ ਰਹੀ ਹੈ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੌਮੀ ਪੱਧਰ ’ਚ ਇਹ ਮੁੱਦਾ ਚੁੱਕਿਆ ਹੈ। ਉਂਜ ਇਸ ਪੱਤਰਕਾਰ ਵੱਲੋਂ ਕੀਤੀ ਗਈ ਪੁਣਛਾਣ ’ਚ ਇੱਕ ਗੱਲ ਤਾਂ ਸਾਂਝੀ ਸਾਹਮਣੇ ਆਈ ਹੈ ਕਿ ਚਾਹੇ ਸਿਆਸੀ ਲਾਹੇ ਲਈ ਹੀ ਸਹੀ ਤਕਰੀਬਨ ਸਮੂਹ ਨੇਤਾ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਵਿੱਚ ਜਾਣਾ ਨਹੀਂ ਭੁੱਲਦੇ ਹਨ। ਅੱਜ ਜਦੋਂ ਦੋ ਸਿਆਸੀ ਆਗੂਆਂ ਨਾਲ ਗੱਲ ਕੀਤੀ ਤਾਂ ਉਸ ਵਕਤ ਵੀ ਉਹ ਅਫਸੋਸ ਸਮਾਗਮ ਵਿੱਚ ਸਨ। ਉਨ੍ਹਾਂ ਦਾ ਪ੍ਰਤੀਕਰਮ ਸੀ ਕਿ ਖੁਸ਼ੀ ਗਮੀ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ।
ਲੋਕਾਂ ਦਾ ਸਹਿਯੋਗ ਘਟਿਆ
ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਇਹ ਸਹੀ ਹੈ ਕਿ ਖੱਬੇ ਪੱਖੀ ਧਿਰਾਂ ਅਜਿਹੇ ਮੁੱਦਿਆਂ ਤੇ ਜਨਤਕ ਲੜਦੀਆਂ ਸਨ। ਉਨ੍ਹ੍ਹਾ ਕਿਹਾ ਕਿ ਇਸ ਲਈ ਲੋਕਾਂ ’ਚ ਫੈਲੀ ਨਿਰਾਸ਼ਾ ਵੀ ਜਿੰਮੇਵਾਰ ਹੈ ਕਿਉਂਕਿ ਜੇਕਰ ਖੱਬੇ ਪੱਖੀ ਕੋਈ ਅੰਦੋਲਨ ਵਿੱਢਣ ਤਾਂ ਲੋਕ ਸਹਿਯੋਗ ਨਹੀਂ Çੰਦੇ ਹਨ।
ਕਾਂਗਰਸ ਸਭ ਤੋਂ ਮੋਹਰੀ
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਅਜਿਹੇ ਮੁੱਦੇ ਉਠਾਉਣ ’ਚ ਮੋਹਰੀ ਹੈ ਅਤੇ ਰੋਜਾਨਾ ਧਰਨਾ ਪ੍ਰਦਰਸ਼ਨ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਜਿੱਥੋਂ ਤੱਕ ਸੰਭਵ ਹੈ ਉਹ ਮਹਿੰਗਾਈ ਸਮੇਤ ਲੋਕ ਮਸਲਿਆਂ ਸਬੰਧੀ ਆਵਾਜ ਬੁਲੰਦ ਕਰਦੇ ਆ ਰਹੇ ਹਨ।
Click to Follow Babushahi Facebook page →