BREAKING: ਪੰਜਾਬ ਯੂਨੀਵਰਸਿਟੀ 'ਚ ਗੈਂਗਵਾਰ; SOPU ਪ੍ਰਧਾਨ 'ਤੇ ਫਾਇਰਿੰਗ
ਬੌਟਨੀ ਵਿਭਾਗ ਦੀ ਪਾਰਕਿੰਗ 'ਚ ਚੱਲੀਆਂ ਗੋਲੀਆਂ; ਸੋਸ਼ਲ ਮੀਡੀਆ ਪੋਸਟ ਰਾਹੀਂ ਲਾਰੈਂਸ ਗਰੁੱਪ ਦੇ ਸਾਥੀਆਂ ਨੂੰ ਦਿੱਤੀ ਮੌਤ ਦੀ ਧਮਕੀ
ਚੰਡੀਗੜ੍ਹ 17 ਮਾਰਚ 2026: ਪੰਜਾਬ ਯੂਨੀਵਰਸਿਟੀ (PU) ਇੱਕ ਵਾਰ ਫਿਰ ਗੋਲੀਆਂ ਦੀ ਗੂੰਜ ਨਾਲ ਦਹਿਲ ਗਈ ਹੈ। ਯੂਨੀਵਰਸਿਟੀ ਦੇ ਬੌਟਨੀ ਵਿਭਾਗ ਦੀ ਪਾਰਕਿੰਗ ਵਿੱਚ SOPU (ਸੋਪੂ) ਦੇ ਨੈਸ਼ਨਲ ਪ੍ਰਧਾਨ ਜਸ਼ਨ ਜਵੰਦਾ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਹਮਲੇ ਨੇ ਕੈਂਪਸ ਵਿੱਚ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਹਮਲੇ ਤੋਂ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ 'ਤੇ ਇੱਕ ਕਥਿਤ ਪੋਸਟ ਵਾਇਰਲ ਹੋਈ ਹੈ, ਜਿਸ ਵਿੱਚ ਦਵਿੰਦਰ ਬੰਬੀਹਾ ਅਤੇ ਗੋਪੀ ਘਣਸ਼ਾਮਪੁਰੀਆ ਗਰੁੱਪ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ।
ਪੋਸਟ ਵਿੱਚ ਕੀ ਲਿਖਿਆ ਹੈ?
ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲੀ ਡੋਨੀ ਬੱਲ ਅਤੇ ਸ਼ਗਨਪ੍ਰੀਤ ਨੇ ਚਲਾਈ ਹੈ। ਹਮਲਾਵਰਾਂ ਨੇ ਲਿਖਿਆ, "ਜਸ਼ਨ ਜਵੰਦਾ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ, ਪਰ ਹਰ ਇੱਕ ਦੀ ਕਿਸਮਤ ਅਜਿਹੀ ਨਹੀਂ ਹੋਵੇਗੀ।" ਪੋਸਟ ਰਾਹੀਂ ਸਿੱਧੀ ਚਿਤਾਵਨੀ ਦਿੱਤੀ ਗਈ ਹੈ ਕਿ ਜੋ ਕੋਈ ਵੀ ਲਾਰੈਂਸ-ਸੋਪੂ ਗਰੁੱਪ ਨਾਲ ਚੱਲੇਗਾ, ਉਸ ਦਾ ਅੰਜਾਮ ਸਿਰਫ਼ ਮੌਤ ਹੋਵੇਗਾ।
ਫਾਇਰਿੰਗ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਪਾਰਕਿੰਗ ਖੇਤਰ ਅਤੇ ਆਲੇ-ਦੁਆਲੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਯੂਨੀਵਰਸਿਟੀ ਵਿੱਚ ਬਾਹਰੀ ਲੋਕਾਂ ਦਾ ਦਾਖਲਾ ਅਤੇ ਹਥਿਆਰਾਂ ਸਮੇਤ ਅੰਦਰ ਪਹੁੰਚਣਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪੀਯੂ ਕੈਂਪਸ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਹੋਸਟਲਾਂ ਅਤੇ ਵਿਭਾਗਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਹੈ।
Click to Follow Babushahi Facebook page →