AAP ਦਾ ਸੁਖਬੀਰ ਬਾਦਲ 'ਤੇ ਤੰਜ, ਕਿਹਾ- "ਇਹ ਪੰਜਾਬ ਬਚਾਓ ਨਹੀਂ, ਸੁਖਬੀਰ ਬਚਾਓ ਯਾਤਰਾ ਹੈ"
ਅਕਾਲੀ ਦਲ ਦੀ ਅੰਦਰੂਨੀ ਫੁੱਟ ਹੋਈ ਜੱਗ-ਜਾਹਿਰ; ਪਹਿਲੀ ਹੀ ਰੈਲੀ ਵਿੱਚੋਂ ਬਿਕਰਮ ਮਜੀਠੀਆ ਦੇ ਗਾਇਬ ਰਹਿਣ 'ਤੇ ਚੁੱਕੇ ਸਵਾਲ
Babushahi Network
ਚੰਡੀਗੜ੍ਹ, 18 ਫਰਵਰੀ 2026 ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' ਨੂੰ ਲੈ ਕੇ ਸੁਖਬੀਰ ਸਿੰਘ ਬਾਦਲ 'ਤੇ ਗੰਭੀਰ ਸ਼ਬਦੀ ਹਮਲੇ ਕੀਤੇ ਹਨ। ਸੇਖਵਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਇਸ ਵੇਲੇ ਅੰਦਰੂਨੀ ਕਲੇਸ਼ ਨਾਲ ਜੂਝ ਰਿਹਾ ਹੈ ਅਤੇ ਇਹ ਯਾਤਰਾ ਪੰਜਾਬ ਲਈ ਨਹੀਂ ਬਲਕਿ ਸੁਖਬੀਰ ਬਾਦਲ ਦੀ ਆਪਣੀ ਸਿਆਸਤ ਬਚਾਉਣ ਲਈ ਹੈ।
ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਰਾਜ ਦੌਰਾਨ ਪੰਜਾਬ ਨੂੰ ਲੁੱਟਿਆ, ਉਹ ਅੱਜ 'ਪੰਜਾਬ ਬਚਾਓ' ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਸੁਖਬੀਰ ਬਾਦਲ ਦੀ ਆਪਣੀ ਹੋਂਦ ਬਚਾਉਣ ਦੀ ਇੱਕ ਨਾਕਾਮ ਕੋਸ਼ਿਸ਼ ਹੈ। ਸੇਖਵਾਂ ਨੇ ਅਕਾਲੀ ਦਲ ਦੀ ਜੱਗ-ਜਾਹਿਰ ਹੋਈ ਫੁੱਟ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪਾਰਟੀ ਦੇ ਵੱਡੇ ਆਗੂ ਹੀ ਇਸ ਯਾਤਰਾ ਤੋਂ ਦੂਰੀ ਬਣਾ ਰਹੇ ਹਨ।
'ਆਪ' ਆਗੂ ਨੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਅਕਾਲੀ ਦਲ ਦੀ ਪਹਿਲੀ ਰੈਲੀ ਵਿੱਚੋਂ ਬਿਕਰਮ ਸਿੰਘ ਮਜੀਠੀਆ ਦਾ ਗਾਇਬ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਉਨ੍ਹਾਂ ਪੁੱਛਿਆ ਕਿ ਜੇਕਰ ਪਾਰਟੀ ਇੱਕਮੁੱਠ ਹੈ ਤਾਂ ਮਜੀਠੀਆ ਵਰਗੇ ਵੱਡੇ ਆਗੂ ਰੈਲੀ ਵਿੱਚ ਕਿਉਂ ਨਹੀਂ ਪਹੁੰਚੇ? ਸੇਖਵਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਸਿਆਸੀ ਹੱਥਕੰਡਿਆਂ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਆਪਣੇ ਘਰ ਵਿੱਚ ਫੁੱਟ ਪਈ ਹੋਵੇ, ਉਹ ਪੰਜਾਬ ਨੂੰ ਕੀ ਬਚਾਉਣਗੇ।