8 ਗ੍ਰਾਮ ਹੈਰੋਇਨ, 45 ਨਸ਼ੀਲੀਆਂ ਗੋਲੀਆਂ ਤੇ ₹20,250 ਡਰੱਗ ਮਨੀ ਸਮੇਤ ਇੱਕ ਔਰਤ ਤੇ ਇੱਕ ਵਿਅਕਤੀ ਕਾਬੂ
ਬਲਵਿੰਦਰ ਸਿੰਘ ਚਾਹਲ
ਸੁਲਤਾਨਪੁਰ ਲੋਧੀ: 10 ਮਈ 2026
ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੁਲਤਾਨਪੁਰ ਲੋਧੀ ਪੁਲਿਸ ਨੇ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 08 ਗ੍ਰਾਮ ਹੈਰੋਇਨ, 45 ਨਸ਼ੀਲੀਆਂ ਗੋਲੀਆਂ ਅਤੇ ₹20,250 ਦੀ ਡਰੱਗ ਮਨੀ ਬਰਾਮਦ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਲਤਾਨਪੁਰ ਲੋਧੀ ਦੇ ਹਰਿੰਦਰ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ 08 ਮਈ 2026 ਨੂੰ ਐੱਸ.ਆਈ. ਸੁਖਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਦੋਸ਼ੀਆਂ ਅਲਵੀਰ ਸਿੰਘ ਉਰਫ਼ ਲੱਕਾ ਉਰਫ਼ ਠਾਕਰ ਪੁੱਤਰ ਚਰਨ ਸਿੰਘ ਅਤੇ ਵਿਦਿਆ ਰਾਣੀ ਪਤਨੀ ਚਰਨ ਸਿੰਘ ਵਾਸੀ ਅਲੋਵਾਲ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 08 ਗ੍ਰਾਮ ਹੈਰੋਇਨ, 45 ਨਸ਼ੀਲੀਆਂ ਗੋਲੀਆਂ ਅਤੇ ₹20,250 ਦੀ ਡਰੱਗ ਮਨੀ ਬਰਾਮਦ ਹੋਈ।
ਪੁਲਿਸ ਜਾਂਚ ਵਿੱਚ ਵੱਡਾ ਖੁਲਾਸਾ
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ ਕਾਫੀ ਸਮੇਂ ਤੋਂ ਨਸ਼ਾ ਵੇਚਣ ਦੇ ਧੰਦੇ ਨਾਲ ਜੁੜੇ ਹੋਏ ਸਨ। ਪੁਲਿਸ ਵੱਲੋਂ ਦੋਸ਼ੀਆਂ ਦੇ ਪਿਛੋਕੜ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਲਵੀਰ ਸਿੰਘ ਉਰਫ਼ ਲੱਕਾ ਖ਼ਿਲਾਫ਼ ਪਹਿਲਾਂ ਵੀ NDPS ਐਕਟ ਅਧੀਨ ਕਈ ਮਾਮਲੇ ਦਰਜ ਹਨ।
ਮਾਮਲਾ ਦਰਜ, ਜਾਂਚ ਜਾਰੀ
ਥਾਣਾ ਸੁਲਤਾਨਪੁਰ ਲੋਧੀ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਦੇ ਸੰਪਰਕ ਹੋਰ ਕਿਹੜੇ ਨਸ਼ਾ ਤਸਕਰਾਂ ਨਾਲ ਸਨ ਅਤੇ ਇਸ ਨਸ਼ਾ ਤਸਕਰੀ ਦੇ ਜਾਲ ਦੀਆਂ ਹੋਰ ਕੜੀਆਂ ਕਿੱਥੇ ਤੱਕ ਜੁੜੀਆਂ ਹਨ।
- Download Babushahi App
-
-