5178 ਅਧਿਆਪਕਾਂ ਵਲੋਂ ਮੰਗ ਨੂੰ ਲੈਕੇ ਵਿੱਤ ਮੰਤਰੀ ਵੱਲ ਭੇਜਿਆ 'ਮੰਗ ਪੱਤਰ'
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਸਤੰਬਰ,2025
5178 ਅਧਿਆਪਕਾਂ ਦੇ ਪਰਖ ਸਮੇਂ ਦੇ ਬਕਾਏ ਜਾਰੀ ਕਰਨ ਅਤੇ 17/07/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਛੇਵਾਂ ਤਨਖਾਹ ਕਮਿਸ਼ਨ ਲਾਉਣ ਦੀ ਮੰਗ ਨੂੰ ਲੈਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ ਜਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ ਦੀ ਅਗਵਾਈ ਹੇਠ ਜਿਲਾ ਖਜਾਨਾ ਅਫਸਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਵਿੱਤ ਮੰਤਰੀ ਪੰਜਾਬ ਵੱਲ 'ਮੰਗ ਪੱਤਰ' ਭੇਜਿਆ ਗਿਆ।
ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਮਨੋਹਰ ਲਾਲ ਨੇ ਦੱਸਿਆ ਕਿ 5178 ਅਧਿਆਪਕਾਂ ਨੇ ਲੰਮੇ ਸਮੇਂ ਦੇ ਸੰਘਰਸ਼ ਅਤੇ ਅਦਾਲਤੀ ਕਾਰਵਾਈ ਤਹਿਤ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਲੈਣ ਦਾ ਫ਼ੈਸਲਾ ਪਿਛਲੇ ਸਮੇਂ ਵਿੱਚ ਹਾਸਲ ਕੀਤਾ ਹੈ, ਜਿਸਤੇ ਸਿੱਖਿਆ ਵਿਭਾਗ ਵੱਲੋਂ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਗਏ ਸਨ। ਪਰ ਹੁਣ ਬਿਨਾਂ ਕਿਸੇ ਕਾਰਣ ਉਨ੍ਹਾਂ ਅਧਿਆਪਕਾਂ ਦੇ ਬਕਾਇਆਂ ਦੇ ਬਿੱਲਾਂ ਦਾ ਖਜ਼ਾਨਾ ਦਫਤਰਾਂ ਵੱਲੋਂ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਸ ਮੰਗ ਪੱਤਰ ਰਾਹੀਂ ਵਿੱਤ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਇੰਨ੍ਹਾਂ ਅਧਿਆਪਕਾਂ ਦੇ ਬਕਾਇਆ ਬਿੱਲਾਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਮਿਤੀ 17-7-2020 ਅਤੇ ਇਸ ਤੋਂ ਬਾਅਦ ਭਰਤੀ ਕਰਮਚਾਰੀਆਂ ਲਈ ਕੇਂਦਰੀ ਪੈਟਰਨ ਦੇ ਨਵੇਂ ਤਨਖਾਹ ਸਕੇਲਾਂ ਦੀ ਥਾਂ ਉਨ੍ਹਾਂ ਦੇ ਭਰਤੀ ਹੋਣ ਮੌਕੇ ਲਾਗੂ ਸੇਵਾ ਨਿਯਮਾਂ ਅਨੁਸਾਰ ਪੁਰਾਣੇ ਕਰਮਚਾਰੀਆਂ ਦੇ ਤਰਜ 'ਤੇ ਪੰਜਾਬ ਤਨਖਾਹ ਸਕੇਲ ਤੇ ਪੇਅ ਪੈਟਰਨ ਲਾਗੂ ਕਰਨ ਦਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੀ ਇਸ ਫੈਸਲੇ ਖਿਲਾਫ ਦਾਇਰ L.P.A., ਰੀਵਿਊ ਪਟੀਸ਼ਨ ਅਤੇ S.L.P. ਰੱਦ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਪਟੀਸ਼ਨਰਾਂ ਦੀਆਂ ਤਨਖਾਹਾਂ ਨੂੰ ਰੀਫਿਕਸ ਕਰਨ ਸਬੰਧੀ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ। ਪ੍ਰੰਤੂ ਬਹੁਤ ਸਾਰੇ ਥਾਵਾਂ 'ਤੇ ਤਨਖਾਹਾਂ ਠੀਕ ਫਿਕਸ ਨਾ ਹੋਣ ਕਾਰਨ ਖਜਾਨਾ ਦਫਤਰਾਂ ਵੱਲੋਂ ਬਿਲ ਨਾ-ਮਨਜੂਰ ਹੋਣ ਕਰਕੇ ਪੀੜਤ ਅਧਿਆਪਕਾਂ 'ਚ ਸਖਤ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਇਸ ਮੰਗ ਪੱਤਰ ਰਾਹੀਂ 6635, 5994, 2364 ਈ ਟੀ ਟੀ, 2392, 3704, 4161 ਮਾਸਟਰ ਕਾਡਰ ਅਤੇ 569 ਲੈਕਚਰਾਰ ਅਸਾਮੀਆਂ ਸਮੇਤ ਮਿਤੀ 17-7-2020 ਤੋਂ ਬਾਅਦ ਭਰਤੀ ਸਮੂਹ ਕਰਮਚਾਰੀਆਂ ਦੀਆਂ ਤਨਖਾਹਾਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15% ਤਨਖਾਹ ਵਾਧੇ ਅਨੁਸਾਰ ਫਿਕਸ ਕਰਨ ਅਤੇ ਅਜਿਹੀਆਂ ਸਾਰੀਆਂ ਭਰਤੀਆਂ 'ਤੇ ਇਸ ਫੈਸਲੇ ਨੂੰ ਜਰਨਲਾਈਜ ਕਰਨ ਬਾਰੇ ਸਪੱਸ਼ਟ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਇਸ ਸਮੇਂ ਸੁਖਜਿੰਦਰ ਰਾਮ, ਪਰਵੀਰ ਸਿੰਘ ,ਰਾਮ ਜੀਤ ਸੰਦੀਪ ਸਿੰਘ, ਰਾਜਕੁਮਾਰ , ਗਗਨ ਸੁਨਿਆਰਾ ਨਰਿੰਦਰ ਕੁਮਾਰ ਅਤੇ ਮੈਡਮ ਪਲਵਿੰਦਰ ਕੌਰ ਆਦਿ ਅਧਿਆਪਕ ਹਾਜ਼ਰ ਸਨ।