ਹੜ੍ਹਾਂ ਕਾਰਨ ਤਬਾਹੀ ਦਾ ਮਾਮਲਾ! ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ DCs ਨੂੰ ਸੌਂਪੇ ਮੰਗ ਪੱਤਰ
Babushahi Bureau
27 October 2025 : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਲੀਡਰਸ਼ਿਪ ਸ. ਪਰਮਿੰਦਰ ਸਿੰਘ ਢੀਂਡਸਾ ਖਜ਼ਾਨਚੀ ਸ਼੍ਰੋਮਣੀ ਅਕਾਲੀ ਦਲ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸੀਨਿਅਰ ਮੀਤ ਪ੍ਰਧਾਨ ਸ਼੍ਰੋਮਣੀ ਅਤੇ ਸ. ਗਗਨਦੀਪ ਸਿੰਘ ਬਰਨਾਲਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਪਾਰਟੀ ਵਫ਼ਦ ਵੱਲੋਂ ਸੰਗਰੂਰ ਦੇ ਡੀਸੀ (DC) ਨੂੰ ਮੈਮੋਰੈਂਡਮ ਸੌਂਪਿਆ ਗਿਆ ।
ਇਹ ਮੈਮੋਰੈਂਡਮ ਕੇਂਦਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਦਿੱਤਾ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਣ ਫਸਲਾਂ ਪਾਣੀ ਹੇਠ ਆ ਗਈਆਂ, ਘਰਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ । ਇਸ ਦੇ ਨਾਲ ਹੀ, ਪੰਜਾਬ ਦੇ ਵੱਡੇ ਹਿੱਸੇ ਵਿੱਚ ਝੋਨੇ ਦੀ ਫਸਲ ਉੱਤੇ ਹਲਦੀ ਰੋਗ ਅਤੇ ਚਾਈਨਾ ਵਾਇਰਸ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਕਾਰਨ ਔਸਤਨ ਝਾੜ 40 ਫ਼ੀਸਦ ਤੱਕ ਘੱਟ ਰਿਹਾ ਹੈ, ਜਿਸ ਕਰਕੇ ਕਿਸਾਨ ਬੁਰੀ ਤਰ੍ਹਾਂ ਪੀੜਤ ਹੋਇਆ ਹੈ । ਅਫ਼ਸੋਸ ਦੀ ਗੱਲ ਹੈ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਇਸ ਤ੍ਰਾਸਦੀ ਨੂੰ ਸੰਵੇਦਨਸ਼ੀਲਤਾ ਨਾਲ ਲਿਆ ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਮੰਗ ਕਰਦਾ ਹੈ ਕਿ ਸਰਕਾਰ ਹੇਠ ਲਿਖੀਆਂ ਮੰਗਾਂ ਤੁਰੰਤ ਪੂਰੀਆਂ ਕਰੇ :-
1. ਹੜ੍ਹ ਨਾਲ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ ਤੁਰੰਤ ਆਰਥਿਕ ਮੁਆਵਜ਼ਾ ਦਿੱਤਾ ਜਾਵੇ ।
2. ਝੋਨੇ ਦੀ ਫ਼ਸਲ ਦਾ ਔਸਤਨ 40 ਫ਼ੀਸਦ ਘੱਟ ਝਾੜ ਨਿਕਲਣ ਉਪਰ ਬੋਨਸ ਦੇਕੇ ਆਰਥਿਕ ਭਰਪਾਈ ਕੀਤੀ ਜਾਵੇ ।
3. ਹਲਦੀ ਰੋਗ ਅਤੇ ਚਾਈਨਾ ਵਾਇਰਸ ਕਾਰਨ ਖਰਾਬ ਹੋਈ ਫਸਲਾਂ ਨੂੰ ਕੁਦਰਤੀ ਆਫਤ ਮੰਨ ਕੇ ਵਿਸ਼ੇਸ਼ ਸਹਾਇਤਾ ਪੈਕੇਜ ਦਿੱਤਾ ਜਾਵੇ ।
4. ਬਦਰੰਗ ਹੋਏ ਅਤੇ ਕੁਦਰਤੀ ਤਬਾਹੀ ਕਾਰਨ ਪ੍ਰਭਾਵਿਤ ਦਾਣਿਆਂ ਦੀ ਖਰੀਦ ਮਾਪਦੰਡਾਂ ਵਿੱਚ ਤੁਰੰਤ ਰਿਆਇਤ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਵਿੱਚ ਨੁਕਸਾਨ ਨਾ ਝੱਲਣਾ ਪਵੇ ।
5. ਹੜ੍ਹ ਨਾਲ ਨੁਕਸਾਨੇ ਘਰਾਂ, ਪਸ਼ੂਆਂ ਅਤੇ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਰਾਹਤ ਫੰਡ ਜਾਰੀ ਕੀਤਾ ਜਾਵੇ ।