ਹਵਾਈ ਅੱਡਿਆਂ 'ਤੇ ਸਿੱਖ ਕਕਾਰਾਂ ਦੀ ਸੁਰੱਖਿਆ ਜਾਂਚ; 35 ਕਿਰਪਾਨਾਂ ਤੇ ਗਾਤਰੇ ਸਿੱਖ ਸੰਸਥਾਵਾਂ ਨੂੰ ਕੀਤੇ ਵਾਪਸ
ਕਸਟਮ ਵਿਭਾਗ ਵੱਲੋਂ 35 ਕਿਰਪਾਨਾਂ ਤੇ ਗਾਤਰੇ ਵਾਪਸ; ਹਵਾਈ ਅੱਡਿਆਂ 'ਤੇ ਸੁਰੱਖਿਆ ਨਿਯਮਾਂ ਤੇ ਧਾਰਮਿਕ ਆਜ਼ਾਦੀ 'ਤੇ ਮੁੜ ਛਿੜੀ ਬਹਿਸ
ਮੁੰਬਈ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਿੱਖ ਨੁਮਾਇੰਦਿਆਂ ਨੂੰ ਸੌਂਪੀਆਂ ਧਾਰਮਿਕ ਵਸਤੂਆਂ; ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ
ਚੰਡੀਗੜ੍ਹ/ਮੁੰਬਈ, 12 ਫਰਵਰੀ 2026- ਮੁੰਬਈ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪਿਛਲੇ ਸਮੇਂ ਦੌਰਾਨ ਜ਼ਬਤ ਕੀਤੀਆਂ 35 ਕਿਰਪਾਨਾਂ ਅਤੇ ਗਾਤਰੇ ਸਿੱਖ ਕੌਮ ਦੇ ਪ੍ਰਤੀਨਿਧੀਆਂ ਨੂੰ ਵਾਪਸ ਸੌਂਪ ਦਿੱਤੇ ਹਨ। ਇਹ ਕਦਮ ‘ਸਤਿ ਸ੍ਰੀ ਅਕਾਲ ਵੈਲਫੇਅਰ ਟਰੱਸਟ’ ਅਤੇ ਹੋਰ ਸਿੱਖ ਸੰਸਥਾਵਾਂ ਦੇ ਲਗਾਤਾਰ ਸਹਿਯੋਗ ਸਦਕਾ ਚੁੱਕਿਆ ਗਿਆ ਹੈ।
ਇਹ ਕਿਰਪਾਨਾਂ ਵੱਖ-ਵੱਖ ਸਮਿਆਂ 'ਤੇ ਅੰਮ੍ਰਿਤਧਾਰੀ ਸਿੱਖਾਂ ਕੋਲੋਂ ਸੁਰੱਖਿਆ ਜਾਂਚ ਦੌਰਾਨ ਲਈਆਂ ਗਈਆਂ ਸਨ, ਕਿਉਂਕਿ ਉਹ ਹਵਾਈ ਸੁਰੱਖਿਆ ਦੇ ਨਿਰਧਾਰਿਤ ਮਾਪਦੰਡਾਂ (ਸਾਈਜ਼ ਜਾਂ ਨਿਯਮਾਂ) ਦੇ ਅਨੁਕੂਲ ਨਹੀਂ ਸਨ। ਟਰੱਸਟ ਦੇ ਸਕੱਤਰ ਪੂਰਨ ਸਿੰਘ ਬੰਗਾ ਨੇ ਦੱਸਿਆ ਕਿ ਕਈ ਵਾਰ ਮੁਸਾਫ਼ਰ ਅਣਜਾਣੇ ਵਿੱਚ ਜਾਂ ਜਲਦਬਾਜ਼ੀ ਵਿੱਚ ਕਿਰਪਾਨਾਂ ਹਵਾਈ ਅੱਡੇ 'ਤੇ ਹੀ ਛੱਡ ਜਾਂਦੇ ਹਨ। ਹੁਣ ਟਰੱਸਟ ਇਨ੍ਹਾਂ ਵਸਤੂਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਬੰਧਿਤ ਪਰਿਵਾਰਾਂ ਨੂੰ ਸੌਂਪੇਗਾ ਜਾਂ ਮਰਿਆਦਾ ਅਨੁਸਾਰ ਜਲ ਪ੍ਰਵਾਹ ਕਰੇਗਾ।
ਕਸਟਮ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੇ ਇਸੇ ਤਰ੍ਹਾਂ ਪਵਿੱਤਰ ਕੁਰਆਨ, ਬਾਈਬਲ ਅਤੇ 'ਜ਼ਮਜ਼ਮ' ਪਾਣੀ ਦੀਆਂ ਬੋਤਲਾਂ ਵੀ ਯਾਤਰੀਆਂ ਦੇ ਨੁਮਾਇੰਦਿਆਂ ਨੂੰ ਵਾਪਸ ਕੀਤੀਆਂ ਹਨ। ਇਸ ਘਟਨਾ ਨੇ ਹਵਾਈ ਅੱਡਿਆਂ 'ਤੇ ਹੋਣ ਵਾਲੀ ਸੁਰੱਖਿਆ ਜਾਂਚ ਅਤੇ ਸੰਵਿਧਾਨ ਦੀ ਧਾਰਾ 25 (ਧਾਰਮਿਕ ਆਜ਼ਾਦੀ ਦਾ ਅਧਿਕਾਰ) ਵਿਚਕਾਰ ਟਕਰਾਅ ਨੂੰ ਮੁੜ ਉਜਾਗਰ ਕੀਤਾ ਹੈ।
SGPC ਅਤੇ ਸਿੱਖ ਚਿੰਤਕਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ 'ਤੇ ਕੜਾ ਉਤਾਰਨ ਜਾਂ ਕਿਰਪਾਨ ਅਤੇ ਖੰਡੇ ਵਾਲੇ ਲਾਕਟ ਪਹਿਨਣ 'ਤੇ ਲਗਾਈਆਂ ਜਾਂਦੀਆਂ ਰੋਕਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਐਡਵੋਕੇਟ ਹਰਜੀਤ ਸਿੰਘ ਗਰੇਵਾਲ ਅਨੁਸਾਰ, ਸੁਰੱਖਿਆ ਕਰਮਚਾਰੀਆਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਕਕਾਰਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਜਾਂਚ ਦੌਰਾਨ ਸਤਿਕਾਰ ਬਣਿਆ ਰਹੇ।