ਸੂਟਕੇਸ ਵਿਚੋਂ ਨੌਜਵਾਨ ਲੜਕੀ ਦੀ ਅੱਧਸੜੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2026 : ਬਠਿੰਡਾ-ਮਲੋਟ ਰੋਡ 'ਤੇ ਪਿੰਡ ਬਹਿਮਣ ਦੀਵਾਨਾ ਕੋਲ ਸੜਕ ਕਿਨਾਰੇ ਖਤਾਨਾਂ 'ਚ ਪਏ ਲਾਲ ਰੰਗ ਦੇ ਇਕ ਸੁਟਕੇਸ ਅੰਦਰੋਂ ਨੌਜਵਾਨ ਲੜਕੀ ਦੀ ਅੱਧਮੱਚੀ ਲਾਸ਼ ਬਰਾਮਦ ਹੋਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲਾਸ਼ ਦਾ ਪਤਾ ਉਦੋਂ ਚੱਲਿਆ ਜਦੋਂ ਆਵਾਰਾ ਕੁੱਤਿਆਂ ਨੇ ਸੂਟਕੇਸ ਨੂੰ ਖਿੱਚ-ਖਿੱਚ ਉਸ ਵਿਚੋਂ ਮ੍ਰਿਤਕਾ ਦਾ ਇਕ ਪੈਰ ਬਾਹਰ ਕੱਢ ਲਿਆ। ਪੁਲਿਸ ਮੌਕੇ ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਗਲੇ ਤੇ ਕੱਟ ਦੇ ਨਿਸ਼ਾਨ ਹੋਣ ਕਾਰਨ ਜਾਪਦਾ ਹੈ ਕਿ ਉਸ ਦਾ ਕਤਲ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਪਦਾ ਹੈ। ਇਸ ਤੋਂ ਇਲਾਵਾ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਫਿਲਹਾਲ ਮਿਤਕਾ ਦੀ ਪਹਿਚਾਣ ਨਹੀਂ ਹੋਈ। ਪੁਲਿਸ ਨੇ ਮੁੱਢਲੀ ਪੜ੍ਹਤਾਲ ਉਪਰੰਤ ਮ੍ਰਿਤਕਾਂ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਡਾ. ਜਯੋਤੀ ਯਾਦਵ ਬੈਂਸ, ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ, ਥਾਣਾ ਸਦਰ ਦੇ ਐੱਸ.ਐੱਚ.ਓ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਡੌਗ ਸਕੁਆਇਡ, ਫੋਰੈਂਸਿਕ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਮੁੱਢਲੀ ਜਾਂਚ ਪੜ੍ਹਤਾਲ ਕੀਤੀ। ਪੁਲਿਸ ਟੀਮਾਂ ਨੇ ਘੇਰਾਬੰਦੀ ਕਰਕੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ। ਇਸ ਮੌਕੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਪੁਲਿਸ ਦੀ ਪੀ.ਸੀ.ਆਰ ਟੀਮ ਨੂੰ ਨੇੜਲੇ ਖੇਤਾਂ ਵਿਚ ਕੰਮ ਕਰਦੇ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਬਹਿਮਣ ਦੀਵਾਨਾ ਕੋਲ ਇਕ ਸੂਟਕੇਸ ਨੂੰ ਕੁੱਤੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਮੌਕੇ 'ਤੇ ਪਹੁੰਚੇ ਕੇ ਪੁਲਿਸ ਟੀਮਾਂ ਨੇ ਸੂਟਕੇਸ
ਖੋਲ੍ਹ ਕੇ ਦੇਖਿਆ ਤਾਂ ਸੂਟਕੇਸ ਵਿਚ ਇਕ ਲੜਕੀ ਦੀ ਅੱਧ ਮੱਚੀ ਲਾਸ਼ ਸੀ, ਜਿਸ ਦੀ ਉਮਰ ਤਕਰੀਬਨ 20 ਸਾਲ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜ੍ਹਤਾਲ ਤੋਂ ਜਾਪਦਾ ਹੈ ਕਿ ਮ੍ਰਿਤਕਾ ਦਾ ਕਤਲ ਕਰਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਤਲ ਦੇ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਇੱਥੇ ਸੁੱਟਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਾਲੇ ਤੱਕ ਮਿਤਕਾ ਦੀ ਪਹਿਚਾਣ ਨਹੀਂ ਹੋ ਸਕੀ। ਲਾਸ਼ ਕੋਲੋਂ ਕੋਈ ਅਜਿਹੀ ਚੀਜ਼ ਨਹੀਂ ਮਿਲੀ, ਜਿਸ ਨਾਲ ਉਸ ਦੀ ਤੁਰੰਤ ਪਹਿਚਾਣ ਹੋ ਸਕੇ। ਪੁਲਿਸ ਵਲੋਂ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲਾਪਤਾ ਲੜਕੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰ ਸੰਦੀਪ ਗਿੱਲ ਅਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦਾ ਚਿਹਰਾ ਅਤੇ ਲੋਅਰ ਅੱਗ ਨਾਲ ਮੱਚਿਆ ਹੋਇਆ ਸੀ ਅਤੇ ਉਸ ਦੇ ਗਰਦਨ ਦੇ ਹੇਠਾਂ 'ਕਾਕੂ' ਨਾਮ ਦਾ ਅਤੇ 'ਦਿਲ' ਦਾ ਟੈਟੂ ਬਣਿਆ ਹੋਇਆ ਹੈ। ਉਸ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਦੇ ਵਾਰ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਉਸ ਦੀ ਪਹਿਚਾਣ ਸੰਬੰਧੀ ਹੋਰ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਪੜ੍ਹਤਾਲ ਮਗਰੋਂ ਸਹਾਰਾ ਟੀਮ ਨੇ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਦੂਸਰੇ ਪਾਸੇ ਮੌਕੇ 'ਤੇ ਖੜੇ ਲੋਕਾਂ ਨੇ ਦੱਸਿਆ ਕਿ ਕੁੱਤਿਆਂ ਨੇ ਸੂਟਕੇਸ ਵਿਚੋਂ ਮ੍ਰਿਤਕਾ ਦਾ ਇਕ ਪੈਰ ਬਾਹਰ ਕੱਢ ਰੱਖਿਆ ਸੀ, ਜਿਸ ਨੂੰ ਨੋਚ ਰਹੇ ਸਨ।