ਸਿਰਫ ਕਾਂਗਰਸ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਦਿਸ਼ਾ ਵੱਲ ਲੈ ਕੇ ਜਾ ਸਕਦੀ ਹੈ: ਅੰਮ੍ਰਿਤਾ ਵੜਿੰਗ
ਸਰਾਭਾ ਨਗਰ ਵਿਖੇ ਵਰਕਰ ਮੀਟਿੰਗ ਨੂੰ ਕੀਤਾ ਸੰਬੋਧਨ
ਪ੍ਰਮੋਦ ਭਾਰਤੀ
ਲੁਧਿਆਣਾ, 28 ਅਕਤੂਬਰ,2025
ਸੀਨੀਅਰ ਕਾਂਗਰਸੀ ਆਗੂ ਅਮ੍ਰਿਤਾ ਵੜਿੰਗ ਨੇ ਕਿਹਾ ਹੈ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਦਿਸ਼ਾ ਵੱਲ ਲੈ ਕੇ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਇੰਡਸਟਰੀ ਲਿਆ ਕੇ ਇਸਨੂੰ ਉਦਯੋਗਿਕ ਹੱਬ ਬਣਾਉਣ ਵਾਲੀ ਕਾਂਗਰਸ ਪਾਰਟੀ ਹੀ ਹੈ। ਜਦ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਇੰਡਸਟਰੀ ਦੂਸਰੇ ਸੂਬਿਆਂ ਨੂੰ ਜਾਣ ਲਈ ਮਜ਼ਬੂਰ ਹੋ ਚੁੱਕੀ ਹੈ।
ਸਰਾਭਾ ਨਗਰ ਵਿਖੇ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ, ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਪਹਿਲ ਦਿੱਤੀ ਹੈ। ਪਾਰਟੀ ਵੱਲੋਂ ਲੁਧਿਆਣਾ ਵਿੱਚ ਇੰਡਸਟਰੀ ਲਿਆਂਦੀ ਗਈ ਅਤੇ ਇਸਨੂੰ ਉਦਯੋਗਿਕ ਹੱਬ ਬਣਾਇਆ। ਲੇਕਿਨ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਰਕੇ ਇੰਡਸਟਰੀ ਬਾਹਰੀ ਸੂਬਿਆਂ ਨੂੰ ਜਾਣ ਲਈ ਮਜਬੂਰ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੱਦਿਆ ਕਿਹਾ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਮੁੜ ਤੋਂ ਸੱਤਾ ਵਿੱਚ ਨਹੀਂ ਆਉਣ ਵਾਲੇ, ਜਿਸ ਕਾਰਨ ਇਸਦੇ ਆਗੂ ਦੋਵਾਂ ਹੱਥਾਂ ਨਾਲ ਸੂਬੇ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ।
ਇਸ ਦੌਰਾਨ ਉਹਨਾਂ ਨੇ ਨਸ਼ੇ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਅਕਾਲੀਆਂ ਵੱਲੋਂ ਲਿਆਂਦਾ ਗਿਆ ਨਸ਼ਾ ਸੂਬੇ ਦੀ ਜਵਾਨੀ ਨੂੰ ਨਿਗਲ ਰਿਹਾ ਹੈ। ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਿੱਛੇ ਉਹਨਾਂ ਦੇ ਪਰਿਵਾਰ ਦੁੱਖਾਂ ਦੇ ਪਹਾੜ ਨੂੰ ਚੁੱਕਣ ਲਈ ਮਜਬੂਰ ਹਨ।
ਉੱਥੇ ਹੀ, ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਵਧੀਕੀਆਂ ਦਾ ਜਿਕਰ ਕਰਦਿਆਂ, ਵੜਿੰਗ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਵਿਚ ਪੁਲਿਸ ਵੱਲੋਂ ਝੂਠਾ ਕੇਸ ਪਾ ਕੇ ਇੱਕ ਨੌਜਵਾਣ ਨੂੰ ਚੁੱਕਿਆ ਗਿਆ ਸੀ। ਲੇਕਿਨ ਕਾਂਗਰਸ ਪਾਰਟੀ ਦੇ ਵਿਰੋਧ ਦੇ ਚੱਲਦਿਆਂ ਮਾਮਲੇ ਨੇ ਨਵਾਂ ਮੋੜ ਲਿਆ ਅਤੇ ਪੁਲਿਸ ਨੂੰ ਬੇਕਸੂਰ ਲੋਕ ਛੱਡਣੇ ਪਏ। ਅੰਮ੍ਰਿਤਾ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਵਾਸਤੇ ਪੰਜਾਬ ਸੱਭ ਤੋਂ ਪਹਿਲਾਂ ਹੈ, ਅਤੇ ਜਿੱਥੇ ਵੀ ਉਨ੍ਹਾਂ ਦੀ ਲੋੜ ਹੋਵੇਗੀ, ਉਹ ਪਹੁੰਚ ਜਾਣਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ, ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ਉਪਰ ਖਰੀ ਉਤਰਨ ਵਿੱਚ ਨਾਕਾਮ ਰਹੀ ਹੈ। ਇਨ੍ਹਾਂ ਨੇ ਨਾ ਤਾਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਅਤੇ ਨਾ ਹੀ ਨਸ਼ੇ ਦੀ ਗੰਭੀਰ ਸਮੱਸਿਆ ਦਾ ਖਾਤਮਾ ਕਰ ਸਕੀ। ਹਾਲਾਤ ਇੰਨੇ ਬਿਗੜ ਚੁੱਕੇ ਹਨ ਕਿ ਆਏ ਦਿਨ ਸੂਬੇ ਗੈਂਗਸਟਰਾਂ ਵੱਲੋਂ ਲੋਕਾਂ ਤੋਂ ਫਿਰੌਤੀ ਮੰਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਕਾਨੂੰਨ ਤੇ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਲੋਕ ਡਰ ਤੇ ਭੈਅ ਵਾਲੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ।
ਇਸ ਤੋਂ ਪਹਿਲਾਂ, ਪਾਰਟੀ ਵਰਕਰਾਂ ਵੱਲੋਂ ਅੰਮ੍ਰਿਤਾ ਵੜਿੰਗ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ, ਮੋਨਿਕਾ ਚੋਪੜਾ ਜਗਤਾਪ ਜਨਰਲ ਸਕੱਤਰ ਮਹਾਂਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ, ਪੀ.ਸੀ.ਸੀ. ਮੈਂਬਰ ਸੁਸ਼ੀਲ ਮਲਹੋਤਰਾ ਤੇ ਪੁਰਸ਼ੋਤਮ ਖਲੀਫਾ, ਮਨਿੰਦਰ ਪਾਲ ਟੀਟੂ, ਅਮਰਿੰਦਰ ਸਿੰਘ ਜੱਸੋਵਾਲ, ਰੋਹਿਤ ਪਾਹਵਾ, ਸੁਨੀਲ ਸਹਿਗਲ, ਨੀਰਜ ਬਿਰਲਾ, ਅਨਿਲ ਸਚਦੇਵਾ, ਅਸ਼ਵਨੀ ਜੈਨ, ਜਸਵਿੰਦਰ ਸਿੰਘ, ਕੁਲਜੀਤ ਨੀਟਾ, ਯਸ਼ ਪਾਲ ਕਪੂਰ, ਦੀਪਕ ਹੰਸ, ਜਗਮੋਹਨ ਸਿੰਘ ਨਿੱਕੂ, ਹੇਮੰਤ ਮਹਾਜਨ ਵੀ ਮੌਜੂਦ ਰਹੇ।