ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਏਆਈ ਐਮਪਾਵਰਡ ਬਲਾਕਚੈਨ ਯੂਨੀਵਰਸਿਟੀ ਸਥਪਿਤ
ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ 'ਊਧਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ' ਦਾ ਕੀਤਾ ਉਦਘਾਟਨ
31 ਜੁਲਾਈ 2026 ਦੇ ਜੁਲਾਈ ਤੋਂ ਯੂਨੀਵਰਸਿਟੀ ਦੇ ਅਕਾਦਮਿਕ ਸੈਸ਼ਨ ਦੀ ਹੋਵੇਗੀ ਸ਼ੁਰੂਆਤ
ਕਪੂਰਥਲਾ, 27 ਦਸੰਬਰ 2025 :
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ 'ਕੰਬੋਜ ਫਾਉਂਡੇਸ਼ਨ' ਦੇ ਸਾਰਥਿਕ ਉਪਰਾਲਿਆਂ ਸਦਕਾ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅੱਜ ਮਿਤੀ 26 ਦਸੰਬਰ ਨੂੰ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਅਮਰ ਸ਼ਹੀਦ ਦੀ ਯਾਦ ਨੂੰ ਸਮਰਪਿਤ 'ਊਧਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ' ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ। ਅੱਜ ਦਾ ਇਹ ਸਮਾਗਮ ਕੰਬੋਜ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਯੋਗ ਅਗਵਾਈ ਹੇਠ ਹੋਇਆ। ਦੱਸਣਯੋਗ ਹੈ ਕਿ ਡਾ. ਕੌੜਾ ਔਕਸਫੋਰਡ ਯੂਨੀਵਰਸਿਟੀ ਇੰਗਲੈਂਡ ਤੋਂ ਫੈਲੋਸ਼ਿਪ ਹਨ ਅਤੇ ਅਕਾਦਮਿਕ ਤੇ ਯੂਨੀਵਰਸਿਟੀਆਂ ਦੇ ਪ੍ਰਸ਼ਾਸਨਿਕ ਖੇਤਰ ਦਾ ਵੱਡਾ ਤਜਰਬਾ ਰੱਖਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 29 ਅਗਸਤ 2025 ਨੂੰ ਚੰਡੀਗੜ੍ਹ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ, ਜਿਸ ਸੰਬੰਧੀ ਕੰਬੋਜ ਭਾਈਚਾਰੇ ਵੱਲੋਂ 26 ਦਸੰਬਰ 2025 ਨੂੰ ਨੀਂਹ ਪੱਥਰ ਰੱਖਣ ਦਾ ਟੀਚਾ ਮਿਥਿਆ ਸੀ ਪ੍ਰੰਤੂ ਸਬੱਬ ਨਾਲ 32 ਏਕੜ ਵਿਚ ਤਿਆਰ ਹੋਇਆ ਕੈਂਪਸ ਮਿਲ ਜਾਣ ਕਰਕੇ ਅੱਜ ਯੂਨੀਵਰਸਿਟੀ ਦਾ ਨੀਂਹ ਪੱਥਰ ਦੀ ਬਿਜਾਇ ਯੂਨੀਵਰਸਿਟੀ ਦੀ ਸਥਾਪਨਾ ਹੋ ਗਈੇ।
ਮੁੱਖ ਬੁਲਾਰੇ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਕੰਬੋਜ ਫਾਉਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਦਿਵਸ ਮੌਕੇ 'ਊਧਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ' ਦੀ ਸਥਾਪਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਆਪਣੇ ਸੰਬੋਧਨ ਵਿਚ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦੇ ਨਾਲ ਕਿਹਾ ਕਿ ਮੈਂ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਹਲਕੇ ਦੀ ਨੁਮਾਇੰਦਗੀ ਕਰਦਾ ਹੋਣ ਕਰਕੇ ਮੇਰੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਕਪੂਰਥਲਾ ਤੋਂ ਐਮਐਲਏ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਣਾ ਗੁਰਜੀਤ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਬਸ਼ਰਤੇ ਇਹ ਦਿਨ ਸਿੱਖ ਕੌਮ ਲਈ ਅਫਸੋਸ ਦੇ ਹਨ ਪਰ ਉਨ੍ਹਾਂ ਦੀ ਸ਼ਹਾਦਤ ਕੌਮ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਦੇਣ ਲਈ ਸੀ। ਇਸ ਮੌਕੇ ਰਾਣਾ ਨੇ ਯੂਨੀਵਰਸਿਟੀ ਦੇ ਚਾਂਸਲਰ ਡਾ. ਕੌੜਾ ਦੀ ਯੋਗਤਾ ਦੀ ਸਰਾਹਣਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੇ ਸਲਾਹਕਾਰ ਰਹੇ ਹਨ। ਰਾਣਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਵੱਲੋਂ ਹੁਨਰ ਯੋਗਤਾ ਹਾਸਲ ਕਰਨ ਨਾਲ ਸਾਡੇ ਨੌਜਵਾਨਾਂ ਲਈ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਬਿਹਤਰ ਵਸੀਲੇ ਪੈਦਾ ਹੋਣਗੇ। ਇਸ ਮੌਕੇ ਰਾਣਾ ਨੇ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰਾਣਾ ਨੇ ਮਾਣ ਨਾਲ ਕਿਹਾ ਕਿ ਇਹ ਯੂਨੀਵਰਸਿਟੀ ਬਹੁਤ ਹੀ ਸਿਆਣੀ ਕੌਮ ਦੇ ਹੱਥ ਆਈ ਹੋਣ ਕਰਕੇ ਭਵਿੱਖ ਵਿਚ ਨਵੇਂ ਦਿਸਹੱਦੇ ਕਾਇਮ ਕਰੇਗੀ।
ਉਪਰੰਤ ਚਾਂਸਲਰ ਡਾ. ਕੌੜਾ ਨੇ 5 ਡੀ ਦਾ ਮਾਡਲ ਪੇਸ਼ ਕਰਦਿਆਂ ਕਿਹਾ ਇਸ ਯੂਨੀਵਰਸਿਟੀ ਦਾ ਕੈਂਪਸ ਆਈ ਏ ਅਤੇ ਬਲਾਕ ਚੈਨ ਇੰਪਾਵਾਰਡ ਨਾਲ ਲੈਸ ਹੋਵੇਗਾ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸਭ ਸ਼ੁੱਭ ਕਾਰਜ ਗੁਰੂ ਸਾਹਿਬ ਮੇਰੇ ਤੋਂ ਖ਼ੁਦ ਕਰਵਾ ਰਹੇ ਹਨ, ਜਿਨ੍ਹਾਂ ਦੀ ਓਟ ਵਿਚ 31 ਜੁਲਾਈ 2026 ਤੋਂ ਅਕਾਦਮਿਕ ਸ਼ੈਸਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਡਾ. ਕੌੜਾ ਨੇ ਯੂਨੀਵਰਸਿਟੀ ਦੇ ਭਵਿੱਖਮੁਖੀ ਟੀਚਿਆਂ ਸੰਬੰਧੀ ਜਾਣੂ ਕਰਵਾਉਂਦਿਆਂ ਹਾਜ਼ਰੀਨ ਸੰਗਤ ਨਾਲ ਵਾਅਦਾ ਕਰਦਿਆਂ ਦਾਅਵੇ ਨਾਲ ਕਿਹਾ ਕਿ ਇਸ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਕੇ ਕੋਈ ਵੀ ਨੌਜਵਾਨ ਬੇਰੁਜ਼ਗਾਰ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਟੈਕਨੀਕਲ ਹੀ ਅਜਿਹਾ ਸਕਿਲ ਹੈ ਜਿਸ ਨਾਲ ਨੌਜਵਾਨ ਅਤੇ ਦੇਸ਼ ਦਾ ਭਵਿਖ ਰੌਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਉਚ ਗੁਣਵੱਤਾ ਦੀ ਸਿੱਖਿਆ ਵਾਜਿਬ ਫੀਸਾਂ ਨਾਲ ਮੁਹੱਈਆ ਕਰਵਾਈ ਜਾਵੇਗੀ ਅਤੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਿਸ਼ੇਸ ਰਿਆਇਤ ਦਿੱਤੀ ਜਾਵੇਗੀ। ਵਿਦੇਸ਼ਾਂ ਦੀ ਮੰਗ ਮੁਤਾਬਿਕ ਵਿਦਿਆਰਥੀਆਂ ਲਈ ਕਿੱਤਾਮੁਖੀ ਕੋਰਸ ਕਰਵਾਏ ਜਾਣਗੇ। ਡਾ. ਕੌੜਾ ਨੇ ਕਿਹਾ ਕਿ ਅੱਜ ਯੂਨੀਵਰਸਿਟੀ ਦੀ ਸਥਾਪਨਾ ਨਾਲ ਪਹਿਲਾ ਪੜਾਅ ਮੁਕੰਮਲ ਹੋਣ ਉਪਰੰਤ ਅਗਲੇ ਟੀਚੇ ਸਾਡੇ ਲਈ ਚੁਣੌਤੀਆਂ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਅਤੇ ਸਮੁੱਚੀ ਟੀਮ ਦੇ ਸਹਿਯੋਗ ਸਦਕਾ ਹਾਸਲ ਕਰ ਲਵਾਂਗੇ। ਇਸ ਉਪਰੰਤ ਜਲਾਲਾਬਾਦ ਹਲਕੇ ਤੋਂ ਐਮਐਲਏ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਵੀ ਸੰਬੋਧਨ ਕੀਤਾ। ਉਪਰੰਤ ਪਿੰਡ ਨਿਜ਼ਾਮਪੁਰ ਦੇ ਵਾਸੀ ਮਾਨ ਸਿੰਘ ਵੱਲੋਂ ਪਹਿਲਾਂ ਤੋਂ ਸਥਾਪਿਤ ਕੈਂਪਸ ਦੀਆਂ ਚਾਬੀਆਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਸੌਂਪੀਆਂ ਗਈਆਂ।
ਇਸ ਮੌਕੇ ਡੇਰਾ ਬਾਬਾ ਭੁੰਮਣ ਸ਼ਾਹ ਵੱਲੋਂ ਭੇਜਿਆ ਸ਼ੁਭ ਸੰਦੇਸ਼ ਵੀ ਪੜ੍ਹਿਆ ਗਿਆ। ਇਸ ਮੌਕੇ ਯੂਨੀਵਰਸਿਟੀ ਦੀ ਸਥਾਪਨਾ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤਰਨਤਾਰਨ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ, ਮਲੇਰਕੋਟਲਾ ਦੇ ਐਮਐਲਏ ਜਮੀਲ ਉਲ ਰਹਿਮਾਨ, ਦੁਬਈ ਤੋਂ ਪ੍ਰਭਪ੍ਰੀਤ ਸਿੰਘ ਖਿੰਡਾ, ਰਿਟਾਇਰਡ ਸ਼ੈਸਨ ਜੱਜ ਜਗਦੀਪ ਸਿੰਘ ਮਹਿਰੋਕ, ਰਣਜੋਧ ਸਿੰਘ ਹੜਾਨਾ, ਗਵਰਨਿੰਗ ਕੌਂਸਲ ਦੇ ਮੈਂਬਰ ਜਨਕਰਾਜ ਮਹਿਰੋਕ, ਕੰਬੋਜ ਫਾਉਂਡੇਸ਼ਨ ਦੇ ਖਜ਼ਾਨਚੀ ਪਲਵਿੰਦਰ ਸਿੰਘ ਜੰਮੂ, ਹਰਬੀਰ ਸਿੰਘ, ਇਕਬਾਲ ਸਿੰਘ, ਉਤਰਾਖੰਡ ਤੋਂ ਸੁਰੇਸ਼ ਕੰਬੋਜ, ਰਾਜਸਥਾਨ ਤੋਂ ਬਲਦੇਵ ਸਿੰਘ ਖਿੰਡਾ, ਭੁਪਿੰਦਰ ਸਿੰਘ ਢੋਟ, ਸੁਨਾਮ ਤੋਂ ਮਨਦੀਪ ਸਿੰਘ ਜੋਸਨ, ਡਾ. ਮੰਗਲ ਸਿੰਘ, ਕ੍ਰਿਪਾਲ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਤੋਂ ਇਲਾਵਾ ਵੱਖ-ਵੱਖ ਖੇਤਰ ਦੀਆਂ ਬਹੁਪੱਖੀ ਸ਼ਖ਼ਸੀਅਤਾਂ ਵਿਚ ਹਾਜ਼ਰ ਸਨ।
ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਰੌਸ਼ਨ ਭਵਿਖ ਦੀ ਕਾਮਨਾ ਕੀਤੀ ਗਈ।