ਸ਼ਹੀਦੀ ਦਿਵਸ ਨੂੰ ਸਮਰਪਿਤ ਡਾ. ਸਤਿੰਦਰ ਸਰਤਾਜ ਦੇ ਰੂਹਾਨੀ ਰਚਨਾ “ਹਿੰਦ ਦੀ ਚਾਦਰ” ਨੂੰ ਸਨਮਾਨ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 7 ਨਵੰਬਰ 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ . ਵੱਲੋਂ ਸੰਸਾਰ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਕਵੀ ਡਾ. ਸਤਿੰਦਰ ਸਰਤਾਜ ਦਾ ਸਨਮਾਨ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਉਸ ਰੂਹਾਨੀ ਤੇ ਭਾਵਪੂਰਨ ਰਚਨਾ “ਹਿੰਦ ਦੀ ਚਾਦਰ” ਲਈ ਕੀਤਾ ਗਿਆ ਜੋ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਡਾ. ਸਰਤਾਜ ਦੀ ਇਹ ਰਚਨਾ ਨਾ ਸਿਰਫ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦੀ ਯਾਦ ਤਾਜ਼ਾ ਕਰਦੀ ਹੈ, ਸਗੋਂ ਮਨੁੱਖਤਾ, ਧਰਮ ਅਤੇ ਸੱਚ ਦੀ ਰੱਖਿਆ ਲਈ ਦਿੱਤੇ ਉਨ੍ਹਾਂ ਦੇ ਸੰਦੇਸ਼ ਨੂੰ ਵੀ ਸੰਸਾਰ ਭਰ ਵਿੱਚ ਪ੍ਰਸਾਰਿਤ ਕਰਦੀ ਹੈ। ਉਨ੍ਹਾਂ ਦੀ ਇਹ ਗੀਤਕ ਰਚਨਾ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ ਦੀ ਰੂਹਾਨੀ ਝਲਕ ਹੈ ਜੋ ਕਰੋੜਾਂ ਦਿਲਾਂ ਵਿੱਚ ਸ਼ਰਧਾ ਅਤੇ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਡਾ. ਸਤਿੰਦਰ ਸਰਤਾਜ ਵਰਗੇ ਕਲਾਕਾਰ ਸਿੱਖ ਇਤਿਹਾਸ ਅਤੇ ਸਭਿਆਚਾਰ ਨੂੰ ਆਪਣੀ ਕਲਾ ਰਾਹੀਂ ਜੀਵੰਤ ਰੱਖ ਰਹੇ ਹਨ। ਉਨ੍ਹਾਂ ਦੇ ਰੂਹਾਨੀ ਸੁਰਾਂ ਨੇ ਗੁਰੂ ਸਾਹਿਬ ਦੇ ਬਚਨ — “ਸਿਰ ਦਿੱਆ ਪਰ ਸਿਰਧਰਮ ਨਾ ਦਿੱਤਾ” — ਦੀ ਅਸਲੀ ਭਾਵਨਾ ਨੂੰ ਲੋਕਾਂ ਦੇ ਹਿਰਦਿਆਂ ਤੱਕ ਪਹੁੰਚਾਇਆ ਹੈ।
ਡੀ.ਐੱਸ.ਜੀ.ਐੱਮ.ਸੀ. ਵੱਲੋਂ ਡਾ. ਸਰਤਾਜ ਦੇ ਯੋਗਦਾਨ ਨੂੰ ਸਿਰਮੌਰ ਕਲਾ ਦੀ ਮਿਸਾਲ ਮੰਨਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਆਉਣ ਵਾਲੀਆਂ ਸ਼ਹੀਦੀ ਸਮਾਰੋਹਾਂ ਵਿੱਚ ਉਨ੍ਹਾਂ ਦੀ ਇਹ ਰਚਨਾ “ਹਿੰਦ ਦੀ ਚਾਦਰ” ਵਿਸ਼ੇਸ਼ ਰੂਪ ਵਿੱਚ ਪ੍ਰਸਤੁਤ ਕੀਤੀ ਜਾਵੇਗੀ ਤਾਂ ਜੋ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਲਿਦਾਨ ਆਤਮਾ ਨਾਲ ਜੁੜ ਸਕਣ।