ਸਰੀ ‘ਚ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਕੰਵਲ’ ਦਾ ਪ੍ਰਦਰਸ਼ਨ
ਹਰਦਮ ਮਾਨ
ਸਰੀ, 31 ਮਈ 2026-‘ਮਾਂ ਬੋਲੀ ਫਿਲਮ ਮੇਲਾ ਕੈਨੇਡਾ’ ਵੱਲੋਂ ਬੀਤੇ ਦਿਨੀਂ ਸਟਰਾਅਬੇਰੀ ਹਿਲ, ਸਰੀ ਵਿਖੇ ਪੰਜਾਬੀ ਦੇ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਰਚਨਾਵਾਂ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਕੰਵਲ’ ਦਿਖਾਈ ਗਈ। ਮਾਡਰੇਟਰ ਨਵਲਪ੍ਰੀਤ ਰੰਗੀ ਦੇ ਵਿਸ਼ੇਸ਼ ਯਤਨਾਂ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਸਰੀ ਦੇ ਨਾਮਵਰ ਲੇਖਕਾਂ, ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਦਸਤਾਵੇਜ਼ੀ ਫਿਲਮ ਵਿਚ ਬਾਖੂਬੀ ਦਰਸਾਇਆ ਗਿਆ ਕਿ ਜਸਵੰਤ ਸਿੰਘ ਕੰਵਲ ਪੰਜਾਬੀ ਦੇ ਉਹ ਸਿਰਮੌਰ ਸਾਹਿਤਕਾਰ ਸਨ, ਜਿਨ੍ਹਾਂ ਨੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਅਤੇ ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਵਰਗੇ ਚਰਚਿਤ ਨਾਵਲਾਂ ਰਾਹੀਂ ਪੰਜਾਬ ਦੇ ਪੇਂਡੂ ਜੀਵਨ, ਕਿਸਾਨੀ ਸੰਕਟ, ਸੱਭਿਆਚਾਰ ਅਤੇ ਸਮਾਜਿਕ-ਰਾਜਨੀਤਿਕ ਚੇਤਨਾ ਨੂੰ ਬਾਖ਼ੂਬੀ ਉਭਾਰਿਆ। ਉਹ ਮਹਿਜ਼ ਇੱਕ ਗਲਪਕਾਰ ਨਹੀਂ ਸਨ, ਬਲਕਿ ਪੰਜਾਬੀ ਲੋਕ-ਮਾਨਸ ਦੇ ਸੱਚੇ ਤਰਜਮਾਨ ਸਨ, ਜਿਨ੍ਹਾਂ ਦੀ ਲੇਖਣੀ ਨੇ ਪੰਜਾਬ ਦੀਆਂ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ।
ਫਿਲਮ ਦੇਖਣ ਉਪਰੰਤ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਭੁਪਿੰਦਰ ਮੱਲ੍ਹੀ, ਗੁਰਬਾਜ ਸਿੰਘ ਬਰਾੜ, ਨਿਰੰਜਨ ਸਿੰਘ ਲਹਿਲ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਸ਼ਾਇਰ ਜਸਵਿੰਦਰ ਨੇ ਇਸ ਫਿਲਮ ਦੇ ਬਿਹਤਰੀਨ ਨਿਰਮਾਣ ਲਈ ਇਸ ਦੇ ਨਿਰਦੇਸ਼ਕ ਕੁਲਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ। ਬੁਲਾਰਿਆਂ ਨੇ ਜਸਵੰਤ ਸਿੰਘ ਕੰਵਲ ਨਾਲ ਜੁੜੀਆਂ ਆਪਣੀਆਂ ਨਿੱਘੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਕੰਵਲ ਸਾਹਿਬ ਨੇ ਆਪਣੇ ਨਾਵਲਾਂ ਵਿਚ ਭਰਪੂਰ ਪੇਂਡੂ ਪੰਜਾਬੀ ਸਭਿਆਚਾਰ ਨੂੰ ਸਾਕਾਰ ਕੀਤਾ ਹੈ ਅਤੇ ਉਨ੍ਹਾਂ ਦੇ ਸਾਹਿਤ ਦੀ ਅਣਹੋਂਦ ਵਿਚ ਅਸੀਂ ਪੰਜਾਬ ਦੇ ਅਸਲ ਰੂਪ, ਇਸ ਦੀ ਮਿੱਟੀ ਦੀ ਮਹਿਕ ਅਤੇ ਇਸ ਦੇ ਸੰਘਰਸ਼ਾਂ ਨੂੰ ਮੁਕੰਮਲ ਰੂਪ ਵਿਚ ਨਹੀਂ ਜਾਣ ਸਕਦੇ।
ਇਸ ਮੌਕੇ ਦਿੱਲੀ ਤੋਂ ਵਟਸਐਪ ਵੀਡੀਓ ਕਾਲ ਰਾਹੀਂ ਦਰਸ਼ਕਾਂ ਨਾਲ ਸਿੱਧੇ ਜੁੜੇ ਫਿਲਮ ਦੇ ਨਿਰਦੇਸ਼ਕ ਕੁਲਜੀਤ ਸਿੰਘ ਨੇ ਦਰਸ਼ਕਾਂ ਦੇ ਮਨਾਂ ਵਿੱਚ ਉਪਜੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸ ਫਿਲਮ ਨੂੰ ਬਣਾਉਣ ਲਈ ਕੀਤੀ ਗਈ ਸਖ਼ਤ ਮਿਹਨਤ ਅਤੇ ਅਨੁਭਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜਸਵੰਤ ਸਿੰਘ ਕੰਵਲ ਬਾਰੇ ਦਸਤਾਵੇਜ਼ੀ ਫਿਲਮ ਬਣਾਉਣ ਦਾ ਉਪਰਾਲਾ ਉਨ੍ਹਾਂ ਨੇ ਇਸ ਲਈ ਕੀਤਾ ਕਿ ਜਿਸ ਤਰ੍ਹਾਂ ਰਵਿੰਦਰ ਨਾਥ ਟੈਗੋਰ ਅਤੇ ਸਾਅਦਤ ਹਸਨ ਮੰਟੋ ਵਰਗੇ ਮਹਾਨ ਸਾਹਿਤਕਾਰਾਂ ਬਾਰੇ ਸਾਰੀ ਦੁਨੀਆ ਜਾਣਦੀ ਹੈ, ਉਸੇ ਤਰ੍ਹਾਂ ਪੰਜਾਬੀ ਦੇ ਇਸ ਅਜ਼ੀਮ ਨਾਵਲਕਾਰ ਬਾਰੇ ਵੀ ਵਿਸ਼ਵ ਪੱਧਰ ‘ਤੇ ਅਜਿਹੀ ਦਸਤਾਵੇਜ਼ੀ ਬਣਨੀ ਚਾਹੀਦੀ ਹੈ ਤਾਂ ਜੋ ਦੁਨੀਆ ਭਰ ਦੇ ਸਾਹਿਤ ਪ੍ਰੇਮੀਆਂ ਨੂੰ ਉਨ੍ਹਾਂ ਦੇ ਜੀਵਨ, ਲਾਸਾਨੀ ਯੋਗਦਾਨ ਅਤੇ ਰਚਨਾਵਾਂ ਬਾਰੇ ਭਰਪੂਰ ਜਾਣਕਾਰੀ ਮਿਲ ਸਕੇ।
ਦਰਸ਼ਕਾਂ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਕੰਵਲਜੀਤ ਸਿੰਘ ਮਾਨਾਂਵਾਲਾ, ਧਰਮ ਸਿੰਘ ਪਨੇਸਰ, ਮੋਤਾ ਸਿੰਘ ਝੀਤਾ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ ਸਮੇਤ ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਸਨ। ਸਮਾਗਮ ਦੇ ਅੰਤ ਵਿੱਚ ਨਵਲਪ੍ਰੀਤ ਰੰਗੀ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
- Download Babushahi App
-
-