ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਪੈਸ਼ਲ ਵਿਜਾਰਡ ਮੁਕਾਬਲੇ ਸਫਲਤਾ ਪੂਰਵਕ ਸੰਪੰਨ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2026 :ਭਾਰਤੀ ਏਅਰਟੈੱਲ ਫਾਊਂਡੇਸ਼ਨ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਦੇ ਸਾਂਝੇ ਉੱਦਮ ਨਾਲ਼ ਜ਼ਿਲ੍ਹਾ ਪੱਧਰੀ ਅੰਗਰੇਜ਼ੀ ਵਿਸ਼ੇ ਦੇ ਸਪੈਸ਼ਲ ਵਿਜਾਰਡ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ 130 ਤੋਂ ਵੱਧ ਸਰਕਾਰੀ ਸਕੂਲਾਂ ਦੇ ਲਗਭਗ 4000 ਤੋਂ ਵੱਧ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਅਤੇ ਬਲਾਕ ਪੱਧਰ ‘ਤੇ ਭਾਗ ਲਿਆ। ਸੱਤ ਬਲਾਕਾਂ ਵਿੱਚੋਂ ਹਰ ਬਲਾਕ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਕੁੱਲ 21 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ‘ਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਵਿੱਚ ਆਪਣੀ ਪ੍ਰਤਿਭਾ ਦਿਖਾਈ।
ਮੁਕਾਬਲੇ ਦੌਰਾਨ ਸਹੀ ਸਪੈਲਿੰਗ ਚੋਣ, ਤਸਵੀਰ ਪਹਿਚਾਣ ਅਤੇ ਸਕ੍ਰੈਂਬਲ ਸ਼ਬਦ ਵਰਗੇ ਦਿਲਚਸਪ ਰਾਊਂਡ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜੱਜ ਪੈਨਲ ਨੇ ਵਿਦਿਆਰਥੀਆਂ ਦੀ ਯੋਗਤਾ ਦੀ ਭਰਪੂਰ ਸ਼ਲਾਘਾ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਅਕਾਦਮਿਕ ਮੁਕਾਬਲੇ ਵਿਦਿਆਰਥੀਆਂ ਵਿੱਚ ਸਿੱਖਣ ਦੀ ਰੂਚੀ ਅਤੇ ਆਤਮ-ਵਿਸ਼ਵਾਸ ਵਧਾਉਂਦੇ ਹਨ। ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਜੇਤੂ ਰਹਿਣ 'ਤੇ ਮੁਬਾਰਕਬਾਦ ਦਿੰਦਿਆਂ ਪ੍ਰਬੰਧਕੀ ਟੀਮ ਨੂੰ ਵੀ ਵਧਾਈ ਦਿੱਤੀ।
ਜ਼ਿਲ੍ਹਾ ਪੱਧਰ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਮਪੁਰਾ ਫੂਲ ਬਲਾਕ (ਸ.ਸ.ਸ. ਮੰਡੀ ਕਲਾਂ (ਕੁੰ), ਸ.ਹ.ਸ. ਖੋਖਰ ਅਤੇ ਸ.ਸ.ਸ. ਅਲੀਕੇ), ਦੂਜਾ ਸਥਾਨ ਬਲਾਕ ਗੋਨਿਆਣਾ ਮੰਡੀ (ਸ.ਹ.ਸ. ਹਰਰਾਏਪੁਰ, ਸ.ਹ.ਸ. ਪੂਹਲੀ ਅਤੇ ਪੀ.ਐਮ.ਸ਼੍ਰੀ, ਸ.ਸ.ਸ. ਗੋਨਿਆਣਾ ਮੰਡੀ (ਕੁੰ)) ਅਤੇ ਤੀਜਾ ਸਥਾਨ ਬਲਾਕ ਭਗਤਾ ਭਾਈ ਕਾ (ਸ.ਹ.ਸ. ਰਾਜਗੜ੍ਹ, ਸ.ਹ.ਸ. ਭੈਣੀ ਅਤੇ ਸ.ਸ.ਸ.ਸ. ਭਾਈ ਰੂਪ (ਕੁੰ) ਨੇ ਹਾਸਲ ਕੀਤਾ। ਇਸ ਮੌਕੇ ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਸ੍ਰੀ ਬਾਲ ਕ੍ਰਿਸ਼ਨ, ਬਲਾਕ ਕੁਆਰਡੀਨੇਟਰ ਸ੍ਰੀ ਜਤਿਨ, ਹੈਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ, ਹੈਡਮਾਸਟਰ ਸੰਜੀਵ ਕੁਮਾਰ, ਹੈਡਮਿਸਟ੍ਰੈਸ ਹੀਨੂੰ ਬਾਂਸਲ, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਵਿਸ਼ਾਲ ਚਾਵਲਾ ਜੀ ਕਰੀਅਰ ਕਾਊਂਸਲਰ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਪ੍ਰੋਜੈਕਟ ਕੁਆਰਡੀਨੇਟਰ ਸ੍ਰੀ ਗੌਰਵ ਮੱਗੂ ਅਤੇ ਉਹਨਾਂ ਦੀ ਸਮੁੱਚੀ ਟੀਮ ਹਾਜ਼ਰ ਸੀ।