ਵੈਟਨਰੀ ਯੂਨੀਵਰਸਿਟੀ 21 ਅਤੇ 22 ਮਾਰਚ ਨੂੰ ਕਰਵਾਏਗੀ ‘ਪਸ਼ੂ ਪਾਲਣ ਮੇਲਾ’
ਲੁਧਿਆਣਾ 15 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 21 ਅਤੇ 22 ਮਾਰਚ 2025 ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ’ਕਰਵਾਏਗੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਮੇਲੇ ਲਈ ਅਸੀਂ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੱਦਾ ਦਿੰਦੇ ਹਾਂ। ਜਿੱਥੇ ਮੇਲੇ ਵਿਚ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸੰਬੰਧਿਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ ਉਥੇ ਵੱਡੀ ਪੱਧਰ 'ਤੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਣ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸੰਬੰਧਿਤ ਸਹੂਲਤਾਂ ਬਾਰੇ ਸਟਾਲ ਲਗਾਉਣਗੇ। ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਗਾਉਣਗੀਆਂ।
ਉਨ੍ਹਾਂ ਕਿਹਾ ਕਿ ਇਸ ਵਾਰ ਦਾ ਮੇਲਾ ਅਸੀਂ ਨਸਲ ਸੁਧਾਰ ਰਾਹੀਂ ਵਧੇਰੇ ਉਤਪਾਦਨ ਦੇ ਟੀਚੇ ਨੂੰ ਸਮਰਪਿਤ ਕੀਤਾ ਹੈ ਅਤੇ ਨਾਅਰਾ ਰੱਖਿਆ ਹੈ ‘ਨਸਲ ਸੁਧਾਰ ਹੈ, ਪਸ਼ੂ ਪਾਲਣ ਕਿੱਤੇ ਦੀ ਜਾਨ, ਵਧੇਰੇ ਉਤਪਾਦਨ ਬਣਾਏ ਕਿਸਾਨ ਦੀ ਸ਼ਾਨ’। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਗਿਆਨਕ ਖੇਤੀ ਨੂੰ ਅਪਨਾਉਣ ਅਤੇ ਉਤਸਾਹਿਤ ਕਰਨ ਵਾਲੇ ਚਾਰ ਕਿਸਾਨਾਂ ਨੂੰ ਮੱਝਾਂ, ਮੱਛੀਆਂ, ਸੂਰ ਅਤੇ ਬੱਕਰੀ ਪਾਲਣ ਦੇ ਖੇਤਰ ਵਿਚ ‘ਮੁੱਖ ਮੰਤਰੀ ਪੁਰਸਕਾਰ’ਨਾਲ ਵੀ ਨਿਵਾਜਿਆ ਜਾਏਗਾ। ਡਾ ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਮੇਲੇ ਵਿਚ ਯੂਨੀਵਰਸਿਟੀ ਵੱਲੋਂ ਵੈਟਨਰੀ ਅਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫ਼ਿਸ਼ਰੀਜ਼ ਸੰਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ ਅਤੇ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਸਵਾਲਾਂ ਜਵਾਬਾਂ ਦਾ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ।
ਯੂਨੀਵਰਸਿਟੀ ਦੇ ਉਤਮ ਨਸਲ ਦੇ ਪਸ਼ੂ, ਮੱਝਾਂ, ਬੱਕਰੀਆਂ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਅਤੇ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ਵੀ ਉਪਲਬਧ ਹੋਵੇਗਾ। ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸੰਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸੰਬੰਧਿਤ ਕੰਪਨੀਆਂ ਅਤੇ ਵਿਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ ਵਿਚ ਮੌਜੂਦ ਹੋਣਗੇ। ਮੇਲੇ ਵਿਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ, ਪਰਾਲੀ ਨੂੰ ਯੂਰੀਏ ਨਾਲ ਸੋਧਣ ਸੰਬੰਧੀ ਦੱਸਿਆ ਜਾਏਗਾ। ਕਿਸਾਨਾਂ ਨੂੰ ਲੇਵੇ ਦੀ ਸੋਜ, ਦੁੱਧ ਦੀ ਜਾਂਚ, ਪਸ਼ੂ ਜ਼ਹਿਰਬਾਦ, ਅੰਦਰੂਨੀ ਪਰਜੀਵੀਆਂ ਬਾਰੇ ਜਾਗਰੂਕ ਕੀਤਾ ਜਾਏਗਾ।
ਪਸ਼ੂ ਦੇ ਖੂਨ, ਗੋਹੇ, ਪਿਸ਼ਾਬ, ਚਮੜੀ, ਫੀਡ ਦੇ ਨਮੂਨੇ, ਦੁੱਧ ਅਤੇ ਚਾਰਿਆਂ ਦੇ ਜ਼ਹਿਰਬਾਦ ਸੰਬੰਧੀ ਮੇਲੇ ਦੌਰਾਨ ਜਾਂਚ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਪਸ਼ੂ ਪਾਲਣ ਕਿੱਤਿਆਂ ਵਿਚ ਮਸਨੂਈ ਗਿਆਨ ਦੀ ਉਭਰ ਰਹੀ ਮਹੱਤਤਾ ਬਾਰੇ ਵੀ ਮਾਹਿਰ ਜਾਣਕਾਰੀ ਦੇਣਗੇ। ਇਸ ਖੇਤਰ ਵਿਚ ਆ ਰਹੇ ਸਮਾਰਟ ਕਾਲਰ, ਪੈਡੋਮੀਟਰ, ਚਿਹਰੇ ਦੀ ਪਛਾਣ ਪ੍ਰਣਾਲੀ, ਪਸ਼ੂ ਦੀ ਚਾਲ ਨਿਰੀਖਣ ਢਾਂਚਾ, ਆਟੋਮੈਟਿਕ ਫੀਡ ਮੈਨੇਜਰ, ਰੋਬੋਟ ਕੈਮਰੇ ਅਤੇ ਹੋਰ ਕਈ ਢੰਗਾਂ, ਤਕਨੀਕਾਂ ਬਾਰੇ ਜਾਣੂ ਕੀਤਾ ਜਾਵੇਗਾ। ਫਾਰਮਾਂ ਦੀ ਜੈਵਿਕ ਸੁਰੱਖਿਆ ਸੰਬੰਧੀ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਪਛਾਣ ਅਤੇ ਉਨ੍ਹਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਸੰਬੰਧੀ ਜਾਗਰੂਕਤਾ ਦਿੱਤੀ ਜਾਵੇਗੀ। ਇਸ ਮਕਸਦ ਲਈ ਵਰਤੇ ਜਾਣ ਵਾਲੇ ਢੰਗ ਅਤੇ ਅਭਿਆਸ ਪਸ਼ੂ ਪਾਲਕਾਂ ਨੂੰ ਦੱਸੇ ਜਾਣਗੇ।