ਵਿਦਿਆਰਥੀਆਂ ਨੇ ਚੋਣ ਪ੍ਰਕਿਰਿਆ ਤੇ ਵੋਟਰ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਕੀਤੀ ਹਾਸਲ
ਜਲੰਧਰ, 7 ਨਵੰਬਰ 2025: ਸਵਾਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਦੇ ਵਿਦਿਆਰਥੀਆਂ ਨੂੰ ਅੱਜ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਚੋਣ ਪ੍ਰਕਿਰਿਆ ਅਤੇ ਵੋਟਰ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਮ ਰਜਿਸਟਰ ਕਰਵਾਉਣ ਲਈ ਫਾਰਮ ਨੰਬਰ-6, ਵੋਟਰ ਸੂਚੀ ਵਿੱਚੋਂ ਨਾਮ ਕਟਵਾਉਣ ਲਈ ਫਾਰਮ ਨੰਬਰ-7, ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਸੋਧ/ਰਿਹਾਇਸ਼ ਦੀ ਤਬਦੀਲੀ/ਬਿਨਾਂ ਸੋਧ ਤੋਂ ਡੁਪਲੀਕੇਟ ਵੋਟਰ ਕਾਰਡ ਲੈਣ ਲਈ/ਦਿਵਿਆਂਗ ਵਜੋਂ ਮਾਰਕਿੰਗ ਕਰਵਾਉਣ ਲਈ ਫਾਰਮ ਨੰਬਰ-8 ਅਤੇ ਪ੍ਰਵਾਸੀ ਭਾਰਤੀ ਲਈ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ-6 ਏ ਵੋਟਰ ਸਰਵਿਸ ਪੋਰਟਲ (https://voters.eci.gov.in/) ਰਾਹੀਂ ਅਤੇ ਵੋਟਰ ਹੈਲਪਲਾਈਨ ਐਪ ਰਾਹੀਂ ਵੀ ਫਾਰਮ ਭਰਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਸਾਲ ਵਿੱਚ ਚਾਰ ਮਿਤੀਆਂ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ/ਸੁਝਾਅ ਲੈਣ ਲਈ ਟੋਲ ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ਰਾਹੀਂ ਜ਼ਿਲ੍ਹਾ ਚੋਣ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨਾਲ ਲੈਕਚਰਾਰ ਮਨਜੀਤ ਸਿੰਘ ਵੀ ਮੌਜੂਦ ਸਨ।