ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ—ਤਨਵੀਰ ਹਸਨ
-ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀ ਦੋ ਰੋਜ਼ਾ ਵਰਕਸ਼ਾਪ ਵਿੱਚ ਅੰਤਰਰਾਸ਼ਟਰੀ ਮਾਹਿਰਾਂ ਵੱਲੋਂ ਟ੍ਰੇਨਿੰਗ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 23 ਅਪ੍ਰੈਲ, 2026: ਕਿਸੇ ਵੀ ਭਾਸ਼ਾਈ ਭਾਈਚਾਰੇ ਦੀ ਅਸਲੀ ਤਾਕਤ ਉਸਦੇ ਜਾਗਰੂਕ ਅਤੇ ਸਰਗਰਮ ਵਲੰਟੀਅਰਾਂ ਵਿੱਚ ਨਿਹਿਤ ਹੁੰਦੀ ਹੈ। ਜਦੋਂ ਸਵੈ ਸੇਵਾ ਸੰਸਕਾਰ ਮਜ਼ਬੂਤ ਹੁੰਦਾ ਹੈ, ਤਦ ਹੀ ਭਾਸ਼ਾ ਅਤੇ ਗਿਆਨ ਦੀ ਪਹੁੰਚ ਵੱਧਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਂਟਰ ਫਾਰ ਇੰਟਰਨੈਟ ਐਂਡ ਸੋਸਾਇਟੀ ਦੇ ਕਾਰਜਕਾਰੀ ਨਿਦੇਸ਼ਕ ਅਤੇ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਇਨਫਾਰਮੇਸ਼ਨ ਟੇਕਨੋਲੋਜੀ ਹੈਦਰਾਬਾਦ ਦੇ ਪ੍ਰੋਜੈਕਟ ਓਪਨ ਨਾਲੇਜ ਇਨੀਸ਼ਿਏਟਿਵ ਦੇ ਮੁੱਖ ਆਰਕੀਟੈਕਟ ਤਨਵੀਰ ਹਸਨ ਨੇ ਕੀਤਾ। ਉਹ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵਲੰਟੀਅਰਾਂ ਲਈ ਕਰਵਾਈ ਗਈ ਦੋ ਰੋਜ਼ਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ।
ਵਰਕਸ਼ਾਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ ਨਿਤੇਸ਼ ਗਿੱਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਵੱਲੋਂ ਵਲੰਟੀਅਰ ਵਿਕੀਮੀਡੀਅਨਜ਼ ਨੂੰ ਵੱਖ-ਵੱਖ ਵਿਸ਼ਿਆਂ ’ਤੇ ਟ੍ਰੇਨਿੰਗ ਦਿੱਤੀ ਗਈ।
ਤਨਵੀਰ ਹਸਨ ਅਹਿਮਦ ਖਾਨ ਨੇ ਇਹ ਵੀ ਕਿਹਾ ਕਿ ਭਾਸ਼ਾਈ ਭਾਈਚਾਰਿਆਂ ਦੀ ਲੰਬੇ ਸਮੇਂ ਤੱਕ ਸਫਲਤਾ ਨਵੇਂ ਵਲੰਟੀਅਰਾਂ ਨੂੰ ਜੋੜਨ, ਉਨ੍ਹਾਂ ਦੀ ਲਗਾਤਾਰ ਟ੍ਰੇਨਿੰਗ ਕਰਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਸਮਰੱਥਾ ਵਿਕਸਿਤ ਕਰਨ ਨਾਲ ਸੰਭਵ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਮਰੱਥਾ ਵਿਕਾਸ ਅਤੇ ਭਾਸ਼ਾ ਪ੍ਰਚਾਰ ਨੂੰ ਇਕੱਠੇ ਅੱਗੇ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਭਾਈਚਾਰਾ ਨਿਰੰਤਰ ਤਰੱਕੀ ਕਰ ਸਕੇ।
ਵਿਕੀਮੀਡੀਆ ਫਾਉਂਡੇਸ਼ਨ ਦੇ ਮੂਵਮੈਂਟ ਕਮਿਊਨਿਕੇਸ਼ਨ ਮੈਨੇਜਰ ਰਚਿਤ ਸ਼ਰਮਾ ਨੇ ਸੰਸਥਾ ਦੀ ਸਾਲਾਨਾ ਯੋਜਨਾ ਅਤੇ ਸੰਚਾਰ ਦੇ ਵੱਖ-ਵੱਖ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ ਕਿਸੇ ਵੀ ਮੂਵਮੈਂਟ ਦੀ ਸਫਲਤਾ ਲਈ ਅਹਿਮ ਹੁੰਦਾ ਹੈ ਅਤੇ ਡਿਜ਼ਿਟਲ ਪਲੇਟਫਾਰਮਾਂ ਦੇ ਸਹੀ ਇਸਤੇਮਾਲ ਨਾਲ ਭਾਈਚਾਰੇ ਦੀ ਪਹੁੰਚ ਅਤੇ ਭਾਗੀਦਾਰੀ ਨੂੰ ਕਾਫ਼ੀ ਵਧਾਇਆ ਜਾ ਸਕਦਾ ਹੈ।
ਵਿਕੀਮੀਡੀਆ ਫਾਉਂਡੇਸ਼ਨ ਦੀ ਸੀਨੀਅਰ ਟਰੱਸਟ ਐਂਡ ਸੇਫਟੀ ਕਮਿਊਨਿਟੀ ਗਵਰਨਾਂਸ ਸਪੈਸ਼ਲਿਸਟ ਮਾਨਵਪ੍ਰੀਤ ਕੌਰ ਨੇ ਵਿਆਪਕ ਆਚਾਰ ਜ਼ਾਬਤੇ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇੱਕ ਸੁਰੱਖਿਅਤ, ਸਮਾਨਤਾਪੂਰਣ ਅਤੇ ਸਨਮਾਨਜਨਕ ਮਾਹੌਲ ਕਿਸੇ ਵੀ ਆਨਲਾਈਨ ਭਾਈਚਾਰੇ ਦੀ ਬੁਨਿਆਦ ਹੁੰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਮੈਂਬਰਾਂ ਵੱਲੋਂ ਆਚਾਰ ਜ਼ਾਬਤੇ ਦੀ ਪਾਲਣਾ ਨਾਲ ਹੀ ਭਰੋਸੇਮੰਦ ਅਤੇ ਸਹਿਯੋਗੀ ਵਾਤਾਵਰਣ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਵਿਕੀਮੀਡੀਆ ਫਾਉਂਡੇਸ਼ਨ ਦੇ ਲੀਡ ਪਾਰਟਨਰਸ਼ਿਪ ਮੈਨੇਜਰ ਪ੍ਰਵੀਨ ਦਾਸ ਵੱਲੋਂ ਯੋਜਨਾਬੱਧ ਰਣਨੀਤੀ ਅਤੇ ਪ੍ਰੋਜੈਕਟ ਡਿਜ਼ਾਈਨ ਬਾਰੇ, ਓਪਨ ਨਾਲੇਜ ਇਨੀਸ਼ਿਏਟਿਵ ਦੀ ਸੀਨੀਅਰ ਰਿਸਰਚ ਮੈਨੇਜਰ ਸਨੇਹਾ ਪੀਪੀ ਵੱਲੋਂ ਭਾਰਤੀ ਵਿਕੀਮੀਡੀਆ ਭਾਈਚਾਰਿਆਂ ਵਿੱਚ ਖੋਜ ਦੇ ਖੇਤਰ ਬਾਰੇ, ਵਿਕੀਮੀਡੀਆ ਫਾਉਂਡੇਸ਼ਨ ਦੇ ਕੰਟੈਂਟ ਇਨੇਬਲਮੈਂਟ ਮੈਨੇਜਰ ਸਤਦੀਪ ਗਿੱਲ ਵਲੋਂ ਵੱਖ-ਵੱਖ ਡਿਜ਼ੀਟਲ ਟੂਲਜ਼ ਦੇ ਇਸਤੇਮਾਲ ਬਾਰੇ ਅਤੇ ਹੈਰੀਟੇਜ ਲੈਬ ਦੀ ਸੰਸਥਾਪਕ ਮੇਧਾਵੀ ਗਾਂਧੀ ਵੱਲੋਂ ਵਿਰਾਸਤ ਸੰਭਾਲ ਵਿੱਚ ਡਿਜ਼ੀਟਲ ਪਲੇਟਫਾਰਮਾਂ ਦੀ ਭੂਮਿਕਾ ਬਾਰੇ ਵਲੰਟੀਅਰਜ਼ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਵਰਕਸ਼ਾਪ ਦੌਰਾਨ ਹੋਰ ਵੀ ਪ੍ਰਸਿੱਧ ਮਾਹਿਰਾਂ ਨੇ ਆਪਣਾ ਯੋਗਦਾਨ ਪਾਇਆ। ਵਰਕਸ਼ਾਪ ਵਿੱਚ ਸੀਨੀਅਰ ਵਿਕੀਮੀਡੀਅਨ ਚਰਨ ਗਿੱਲ, ਡਾ. ਸਟਾਲਿਨਜੀਤ ਬਰਾੜ, ਡਾ. ਗੌਰਵ ਝੰਮਟ, ਨਿਸ਼ਾਨ ਸਿੰਘ ਵਿਰਦੀ, ਗੁਰਮੇਲ ਕੌਰ, ਤਮਨਪ੍ਰੀਤ ਕੌਰ ਸਮੇਤ ਦੋ ਦਰਜਨ ਤੋਂ ਵੱਧ ਵਲੰਟੀਅਰਾਂ ਨੇ ਸਿਖਲਾਈ ਹਾਸਲ ਕੀਤੀ।
Click to Follow Babushahi Facebook page →