ਲੇਖਕ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 28 ਮਈ 2026:- ਪ੍ਰਸਿੱਧ ਲੇਖਕ, ਉੱਚਪਾਏ ਦੇ ਕਵੀ, ਨਾਵਲਕਾਰ ਤੇ ਕਹਾਣੀਕਾਰ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਿਪੂਦਮਨ ਸਿੰਘ ਰੂਪ ਪਿੰਡ ਡੜਹੇੜੀ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਜੰਮਪਲ ਸਨ। ਦੱਸਣਯੋਗ ਹੈ ਕਿ ਉਹ ਪਹਿਲਾਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ ਤੇ ਉਪਰੰਤ ਉਹਨਾਂ ਵਕਾਲਤ ਨੂੰ ਪੇਸ਼ੇ ਵਜੋਂ ਅਪਣਾਇਆ। ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਪਿਤਾ ਵੀ ਕਵੀ ਸਨ ਅਤੇ ਇਹਨਾਂ ਦੇ ਵੱਡੇ ਭਰਾ ਸੰਤੋਖ ਸਿੰਘ ਧੀਰ ਇੱਕ ਨਾਮੀ ਤੇ ਮਸ਼ਹੂਰ ਲੇਖਕ ਸਨ। ਇਹਨਾਂ ਦਾ ਬੇਟਾ ਰੰਜੀਵਨ ਸੰਜੀਵਨ ਵੀ ਨਾਟਕਕਾਰ ਤੇ ਲੇਖਕ ਹੈ। ਇਸ ਤੋਂ ਇਲਾਵਾ ਇਹਨਾਂ ਦੇ ਪੋਤੇ ਪੋਤੀਆਂ ਵੀ ਲੇਖਕ ਹਨ। ਇੱਥੇ ਦੱਸਣਯੋਗ ਹੈ ਕਿ ਸਵ. ਰਿਪੂਦਮਨ ਸਿੰਘ ਰੂਪ ਤੇ ਇਹਨਾਂ ਦੀ ਮਰਹੂਮ ਪਤਨੀ ਸਤਪਾਲ ਕੌਰ ਬਹੁਤ ਹੀ ਮਿਲਵਰਤਨ ਵਾਲੇ ਸੁਭਾਅ ਦੇ ਮਾਲਕ ਸਨ ਅਤੇ ਹਰੇਕ ਨੂੰ ਖੁੱਲਦਿਲੀ ਨਾਲ ਮਿਲਦੇ ਸਨ। ਪੇਂਡੂ ਰਹਿਤਲ ਵਿੱਚੋਂ ਉੱਠੇ ਹੋਣ ਕਾਰਨ ਇਹਨਾਂ ਤੇ ਇਹਨਾਂ ਦੇ ਪਰਿਵਾਰ ਵਿੱਚ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲਾ ਗੁਣ ਹੈ। ਇਹਨਾਂ ਆਪਣਾ ਸਾਰਾ ਜੀਵਨ ਸਮਾਜ ਸੇਵਾ ਵਿੱਚ ਗੁਜਾਰਿਆ ਤੇ ਲੋਕ ਹਿਤਾਂ ਲਈ ਇਹਨਾਂ ਨੇ ਜੇਲਾਂ ਵੀ ਕੱਟੀਆਂ। ਇਸ ਮੌਕੇ ਬੀਬੀ ਸਰਹਿੰਦ ਨੇ ਦੱਸਿਆ ਕਿ ਸਵ. ਰੂਪ ਹੋਰਾਂ ਦਾ ਇਹਨਾਂ ਦੇ ਭਰਾ ਸਵ. ਸ਼ਮਸ਼ੇਰ ਸਿੰਘ ਨਿਰਮਲ ਹੋਰਾਂ ਨਾਲ ਬਹੁਤ ਪਿਆਰ ਸੀ ਤੇ ਉਹ ਬੀਬੀ ਸਰਹਿੰਦ ਨੂੰ ਆਪਣੀ ਛੋਟੀ ਭੈਣ ਹੀ ਸਮਝਦੇ ਸਨ। ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਦੇ ਅਕਾਲ ਚਲਾਣੇ ਨਾਲ ਉਹਨਾਂ ਦੇ ਪਰਿਵਾਰ ਤੇ ਸਮਾਜ ਤੋਂ ਇਲਾਵਾ ਉਨ੍ਹਾਂ ਨੂੰ ਵੀ ਬਹੁਤ ਘਾਟਾ ਪਿਆ ਹੈ ਤੇ ਉਨ੍ਹਾਂ ਆਪਣਾ ਇੱਕ ਹੋਰ ਭਰਾ ਗਵਾ ਲਿਆ ਹੈ।
- Download Babushahi App
-
-