ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਨੂਨ-ਏ-ਪੰਜਾਬ ਸਮਾਗਮ ਦਾ ਆਯੋਜਨ
ਕੈਬਿਨਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋ ਹੋਏ ਸ਼ਾਮਲ
ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਦਾ ਦਿੱਤਾ ਸੰਦੇਸ਼
ਸਭਿਆਚਰਕ ਪੋ੍ਗਰਾਮਾਂ ਰਾਹੀ ਸਮਾਜ ਨੂੰ ਨਸ਼ਾ ਮੁਕਤ ਬਣਾਉਨ ਦਾ ਲਿਆ ਸੰਕਲਪ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੰਤਰ ਕਾਲਜ ਸੱਭਿਆਚਾਰਕ ਮੁਕਾਬਲੇ ਦੀ ਸ਼ੁਰੂਆਤ
ਅੰਮ੍ਰਿਤਸਰ 25 ਫਰਵਰੀ 2026 -
ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਨੂਨ-ਏ-ਪੰਜਾਬ ਰਾਹੀ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਕਰਵਾਏ ਜਾ ਰਹੇ ਅੰਤਰ ਕਾਲਜ ਸੱਭਿਆਚਾਰਕ ਮੁਕਾਬਲਿਆਂ ਦੇ ਪਹਿਲੇ ਦਿਨ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਕੈਬਨਿਟ ਮੰਤਰੀ, ਨਵ ਤੇ ਨਿਵਿਆਉਣਯੋਗ ਊਰਜਾ ਸਰੋਤ, ਪ੍ਰਿਟਿੰਗ ਤੇ ਸਟੇਸ਼ਨਰੀ,ਸੁਚੱਜਾ ਪ੍ਰਸਾਸ਼ਨ ਤੇ ਸੂਚਨਾ ਤਕਨੀਕ ਅਤੇ ਰੁਜਗਾਰ ਉਤਪਤੀ ਤੇ ਸਿਖਲਾਈ ਵਿਭਾਗ, ਪੰਜਾਬ, ਸ਼੍ਰੀ ਅਮਨ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਇੱਕ ਮਹੱਤਵਪੂਰਨ ਮੋੜ ‘ਤੇ ਖੜ੍ਹਾ ਹੈ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਨੇ ਹਮੇਸ਼ਾ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਇਸ ਵਾਰ ਵੀ ਨੌਜਵਾਨ ਪੀੜ੍ਹੀ ਆਪਣੇ ਜਜ਼ਬੇ ਨਾਲ ਇਸ ਚੁਣੌਤੀ ਨੂੰ ਜਿੱਤ ਸਕਦੀ ਹੈ।
ਇਸ ਤੋਂ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਦੀ ਬਖਸ਼ਿਸ਼ ਸਦਕਾ ਪੰਜਾਬੀਆਂ ਅੰਦਰ ਜਜ਼ਬਾ ਅਤੇ ਹਿੰਮਤ ਮੌਜੂਦ ਹੈ ਅਤੇ ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਹਮੇਸ਼ਾ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਅਗਵਾਈ ਕਰਨ।ਉਨਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੇ ਨਾਲ-ਨਾਲ ਸਿੱਖਿਆ ਸੰਸਥਾਵਾਂ ਅਤੇ ਨੌਜਵਾਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਵੇਗੀ। ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਸਮਾਜ ਦੇ ਹਰ ਵਰਗ ਦਾ ਸਹਿਯੋਗ ਮਿਲਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਆਪਣੇ ਸਾਰੇ ਕਾਲਜਾਂ ਅਤੇ ਵਿਭਾਗਾਂ ਨੂੰ ਜੋੜੇਗੀ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਸਾਈਕੋਲੋਜੀ ਵਿਭਾਗ ਅਤੇ ਹੋਰ ਅਕਾਦਮਿਕ ਇਕਾਈਆਂ ਵਿਦਿਆਰਥੀਆਂ ਵਿਚ ਜਾਗਰੂਕਤਾ ਮੁਹਿੰਮ ਚਲਾਉਣਗੀਆਂ। ਇਸ ਦੇ ਤਹਿਤ ਮਾਝਾ ਖੇਤਰ ਦੇ ਕਾਲਜਾਂ ਸਮੇਤ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਿੱਖਿਆ ਸੰਸਥਾਨਾਂ ਵਿੱਚ ਵੀ ਨਸ਼ਾ ਮੁਕਤੀ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਦੂਰ ਰੱਖਿਆ ਜਾ ਸਕੇ।
ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਧਰਤੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੁਝ ਹਾਲਾਤਾਂ ਕਾਰਨ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕੀਤਾ ਗਿਆ, ਪਰ ਅੱਜ ਦੇ ਨੌਜਵਾਨ ਆਪਣੀ ਸਕਾਰਾਤਮਕ ਸੋਚ ਅਤੇ ਸਰਗਰਮ ਹਿੱਸੇਦਾਰੀ ਨਾਲ ਇਸ ਧਾਰਨਾ ਨੂੰ ਤੋੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਪਹਿਲੇ ਪੱਖ ਵਿੱਚ ਪੁਲਿਸ ਅਤੇ ਇਨਫੋਰਸਮੈਂਟ ਏਜੰਸੀਆਂ ਵੱਲੋਂ ਨਸ਼ਿਆਂ ਦੀ ਸਪਲਾਈ ‘ਤੇ ਨਕੇਲ ਕਸੀ ਜਾ ਰਹੀ ਹੈ, ਜਦ ਕਿ ਦੂਜੇ ਪੱਖ ਵਿੱਚ ਸਮਾਜ ਦੇ ਸਹਿਯੋਗ ਨਾਲ ਨਸ਼ਿਆਂ ਦੀ ਮੰਗ ਘਟਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮਾਜ ਵਿੱਚੋਂ ਨਸ਼ਿਆਂ ਦੀ ਮੰਗ ਖ਼ਤਮ ਨਹੀਂ ਹੁੰਦੀ, ਤਦੋਂ ਤੱਕ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਮੁਸ਼ਕਲ ਹੈ।ਸ਼੍ਰੀ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਨੌਜਵਾਨ ਗਲਤੀ ਨਾਲ ਨਸ਼ਿਆਂ ਵੱਲ ਵਧਦਾ ਨਜ਼ਰ ਆਵੇ ਤਾਂ ਉਸਨੂੰ ਰੋਕਣਾ ਅਤੇ ਸਹੀ ਰਸਤੇ ‘ਤੇ ਲਿਆਉਣਾ ਸਾਥੀਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਮੁਹਿੰਮਾਂ ਨਾਲ ਪੰਜਾਬ ਵਿੱਚ ਨਵੀਂ ਉਮੀਦ ਦੀ ਕਿਰਨ ਜਗ ਰਹੀ ਹੈ।
ਪੈ੍ਸ ਪੱਤਰਕਾਰਾਂ ਨਾਲ ਗੱਲਬਾਤ ਕਰਦੋ ਹੋਏ ਸ਼੍ਰੀ ਅਰੋੜਾ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ ਜਾਂ ਪੰਜਾਬ ਛੱਡ ਦੇਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਜੀਰੋ ਟੋਲਰੈਸ ਨੀਤੀ ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਦੇ਼ਸ ਵਿਚ ਪੰਜਾਬ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਹਰੇਕ ਪਰਿਵਾਰ ਦਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾ ਰਿਹਾ ਹੈ।
ਸਮਾਗਮ ਦੀ ਸ਼ੁਰੂਆਤ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਹੋਈ ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਸੰਦੇਸ਼ ਭਰੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਅੰਤਰ ਕਾਲਜ ਸੱਭਿਆਚਾਰਕ ਮੁਕਾਬਲੇ ਦੌਰਾਨ ਲਗਭਗ 11 ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸਮਾਗਮ ਦੇ ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ । ਯੂਨੀਵਰਸਿਟੀ ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਇਹ ਮੁਹਿੰਮ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਮੌਕੇ ਉਪ ਕੁਲਪਤੀ ਪ੍ਰੋ ਕਰਮਜੀਤ ਸਿੰਘ ਵੱਲੋਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਸਨਮਾਨਤ ਕੀਤਾ ਗਿਆ।ਇਸ ਮੌਕੇ ਮੇਅਰ ਨਗਰ ਨਿਗਮ ਸ: ਜਤਿੰਦਰ ਸਿੰਘ ਮੋਤੀ ਭਾਟਿਆ, ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ, ਕਮਿਸ਼ਨਰ ਪੁਲਸ ਸ: ਗੁਰਪ੍ਰੀਤ ਸਿੰਘ ਭੁੱਲਰ, ਨਸ਼ਾ ਮੁਕਤੀ ਮਾਝਾ ਜੋਨ ਦੀ ਇੰਚਾਰਜ ਮੈਡਮ ਸੋਨੀਆ ਮਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਪ੍ਰਵੀਨ ਪੁਰੀ,ਪੋ੍ਫੈਸਰ ਅਮਨਜੀਤ ਸਿੰਘ, ਪੋ੍: ਵਰਿੰਦਰ ਕੁਮਾਰ,ਜ਼ਿਲਾ੍ ਸਮਾਜਿਕ ਤੇ ਸੁਰੱਖਿਆ ਅਫਸਰ ਸ: ਅਸੀਸਇੰਦਰ ਸਿੰਘ, ਸ੍ਰੀ ਵਿਰਾਟ ਦੇਵਗਨ ਤੋ ਇਲਾਵਾ ਹੋਰ ਸ਼ਖਸੀਅਤਾਂ ਵੀ ਹਾ਼ਜਰ ਸਨ।
Click to Follow Babushahi Facebook page →