ਮੋਹਾਲੀ ਹਾਦਸਾ: ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅਸ਼ੋਕ ਵਰਮਾ
ਮੋਹਾਲੀ, 23ਦਸੰਬਰ 2024: ਪੰਜਾਬ ਦੇ ਮੋਹਾਲੀ ’ਚ ਸ਼ਨਿੱਚਰਵਾਰ ਸ਼ਾਮ ਦੇ ਬਹੁ-ਮੰਜਿਲਾਂ ਇਮਾਰਤ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ’ਤੇ ਡੇਰਾ ਸੱਚਾ ਸੌਦਾ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਿਅਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸੇ ਦੌਰਾਨ ਮੋਹਾਲੀ ਦੇ ਸੋਹਾਣਾ ’ਚ ਇੱਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਡੇਰਾ ਸੱਚਾ ਸੌਦਾ ਵੱਲੋਂ ਹੰਗਾਮੀ ਹਾਲਾਤਾਂ ਦੌਰਾਨ ਨਜਿੱਠਣ ਅਤੇ ਪੀੜਤਾਂ ਦੀ ਸਹਾਇਤਾ ਲਈ ਬਣਾਈ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨਾਲ ਪੂਰੀ ਰਾਤ ਮਲਬੇ ਹੇਠਾਂ ਦੱਬੇ ਵਿਅਕਤੀਆਂ ਦੀ ਭਾਲ ਕੀਤੀ ਅਤੇ ਰਹੇ ਐਤਵਾਰ ਨੂੰ ਵੀ ਰਾਹਤ ਕਾਰਜਾਂ ’ਚ ਟੀਮਾਂ ਦਾ ਹੱਥ ਵਟਾਇਆ। ਡੇਰਾ ਸਿਰਸਾ ਦੇ 85 ਮੈਂਬਰ ਚਮਨ ਇੰਸਾਂ ਚੰਡੀਗੜ੍ਹ ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਅਤੇ ਜਰੂਰਤ ਪੈਣ ਤੇ ਖੂਨ ਮੁਹੱਈਆ ਕਰਵਾਉਣ ਦੀ ਗੱਲ ਵੀ ਆਖੀ ਹੈ।
ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਦੇਰ ਰਾਤ ਤੋਂ ਲੈ ਕੇ ਐਤਵਾਰ ਸਵੇਰ ਤੱਕ ਖਰੜ, ਮੁਹਾਲੀ ਅਤੇ ਚੰਡੀਗੜ੍ਹ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਵੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਮਲਬੇ ’ਚੋਂ ਜ਼ਿੰਦਗੀਆਂ ਦੀ ਤਲਾਸ਼ ’ਚ ਜੁਟੇ ਰਹੇ । ਇਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਰਾਹਤ ਕਾਰਜਾਂ ’ਚ ਜੁਟੇ ਐੱਨਡੀਆਰਐੱਫ ਦੇ ਜਵਾਨਾਂ ਲਈ ਲੰਗਰ, ਚਾਹ, ਪਾਣੀ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਵੱਲੋਂ ਹਰ ਬਲੱਡ ਗਰੁੱਪ ਦਾ ਖੂਨਦਾਨੀ ਉੱਥੇ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਕਿ ਹਰ ਜ਼ਖਮੀ ਦੀ ਜਾਨ ਬਚਾਈ ਜਾ ਸਕੇ । ਦੱਸਣਯੋਗ ਹੈ ਕਿ ਇਸ ਹਾਦਸੇ ਦੌਰਾਨ ਦੋ ਮੌਤਾਂ ਹੋਈਆਂ ਹਨ ਅਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਡੇਰਾ ਆਗੂ ਚਮਨ ਇੰਸਾਂ ਦਾ ਕਹਿਣਾ ਸੀ ਕਿ ਜਦੋਂ ਵੀ ਕਿਸੇ ਜਖਮੀ ਨੂੰ ਖੂਨ ਵਗੈਰਾ ਦੀ ਜਰੂਰਤ ਹੋਵੇਗੀ ਸੇਵਾਦਾਰ ਤੁਰੰਤ ਮੁਹੱਈਆ ਕਰਵਾਉਣ ਲਈ ਤਿਆਰ ਹਨ।