ਮੇਅਰ ਪਦਮਜੀਤ ਸਿੰਘ ਮਹਿਤਾ ਦਾ ਇਤਿਹਾਸਕ ਕਦਮ: ਬਠਿੰਡਾ 'ਚ ਲੱਗਣਗੇ ਚੌਂਕੇ-ਛੱਕੇ
ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2025 : ਮਾਲਵਾ ਦੇ ਇਤਿਹਾਸਕ ਸ਼ਹਿਰ ਬਠਿੰਡਾ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਨ ਲਈ ਇਤਿਹਾਸਕ ਫੈਸਲੇ ਲੈ ਰਹੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਹੈ। ਮੇਅਰ ਸ਼੍ਰੀ ਮਹਿਤਾ ਦੇ ਯਤਨਾਂ ਸਦਕਾ ਜਲਦੀ ਹੀ ਬਠਿੰਡਾ ਵਿੱਚ ਚੌਂਕ-ਛੱਕੇ ਲੱਗਣਗੇ, ਜੋ ਨੌਜਵਾਨਾਂ ਦੀ ਦਸ਼ਾ ਤੇ ਦਿਸ਼ਾ ਬਦਲ ਕੇ ਰੱਖ ਦੇਣਗੇ।
ਅੱਜ ਪ੍ਰੈਸ ਕਾਨਫਰੰਸ ਵਿੱਚ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਵਿੱਚ ਪਹਿਲੀ ਵਾਰ ਵੱਡੇ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸ੍ਰੀ ਕਮਲ ਓਹਰੀ, ਸ੍ਰੀ ਡਿੰਪੀ ਓਹਰੀ, ਸ੍ਰੀ ਅਮਿਤ ਕੁਮਾਰ, ਸ੍ਰੀ ਅਸ਼ਵਨੀ ਬੰਟੀ, ਸ੍ਰੀ ਅਨਿਲ ਰਾਣਾ ਸ਼ਰਮਾ, ਸ੍ਰੀ ਕੁਨਾਲ ਸ਼ਰਮਾ, ਸ੍ਰੀ ਪਵਨ ਛਾਬੜਾ ਅਤੇ ਸ੍ਰੀ ਸੋਨੂੰ ਵੀ ਮੌਜੂਦ ਸਨ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਦੂਰ ਰੱਖਣ ਲਈ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੇ ਹਿੱਸੇ ਵਜੋਂ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਠਿੰਡਾ ਸ਼ਹਿਰ ਦੇ ਸਾਰੇ 50 ਵਾਰਡਾਂ ਵਿੱਚਕਾਰ "ਬਠਿੰਡਾ ਪ੍ਰੀਮੀਅਰ ਲੀਗ" ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਮੇਅਰ ਨੇ ਦੱਸਿਆ ਕਿ ਲੀਗ ਵਿੱਚ ਸਾਰੇ 50 ਵਾਰਡਾਂ ਦੀਆਂ 50 ਟੀਮਾਂ ਹਿੱਸਾ ਲੈਣਗੀਆਂ। "ਬਠਿੰਡਾ ਪ੍ਰੀਮੀਅਰ ਲੀਗ" ਨੂੰ 10 ਪੂਲਾਂ ਵਿੱਚ ਆਯੋਜਿਤ ਕੀਤਾ ਜਾਵੇਗਾ, ਹਰੇਕ ਪੂਲ ਵਿੱਚ 10 ਮੈਚ ਹੋਣਗੇ। ਉਨ੍ਹਾਂ ਦੱਸਿਆ ਕਿ ਕੁੱਲ 115 ਮੈਚ ਹੋਣਗੇ, ਹਰੇਕ ਮੈਚ ਵਿੱਚ ਮਹੱਤਵਪੂਰਨ ਇਨਾਮ ਦਿੱਤੇ ਜਾਣਗੇ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਹਰੇਕ ਮੈਚ ਵਿੱਚ ਕੈਚ ਆਫ਼ ਦ ਮੈਚ, ਨੋਟੇਬਲ ਵਨ, ਨੋਟੇਬਲ ਟੂ, ਬੈਸਟ ਪਰਫਾਰਮੈਂਸ ਅਤੇ ਮੈਨ ਆਫ਼ ਦ ਮੈਚ ਲਈ ਇਨਾਮ ਦਿੱਤੇ ਜਾਣਗੇ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, "ਬਠਿੰਡਾ ਪ੍ਰੀਮੀਅਰ ਲੀਗ" ਦਾ 28 ਦਸੰਬਰ, 2025 ਨੂੰ ਵੱਡੇ ਪੱਧਰ 'ਤੇ ਸ਼ੁਭ ਆਰੰਭ ਕੀਤਾ ਜਾਵੇਗਾ, ਜਿਸ ਵਿੱਚ ਅੰਤਰਰਾਸ਼ਟਰੀ ਕ੍ਰਿਕਟਰ, ਪੰਜਾਬੀ ਗਾਇਕ, ਬਾਲੀਵੁੱਡ ਅਤੇ ਪੰਜਾਬੀ ਕਲਾਕਾਰ, ਜਿਨ੍ਹਾਂ ਵਿੱਚ ਮਨੀਸ਼ਾ ਪਟੇਲ ਅਤੇ ਜ਼ਰੀਨ ਖਾਨ, ਪ੍ਰਸਿੱਧ ਗਾਇਕਾਵਾਂ ਨੂਰਾਂ ਸਿਸਟਰਜ਼ ਅਤੇ ਮਾਸਟਰ ਸਲੀਮ ਸ਼ਾਮਲ ਹਨ, ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ, ਜੋ ਪੰਜਾਬ ਲਈ ਇੱਕ ਮਾਡਲ ਟੂਰਨਾਮੈਂਟ ਵਜੋਂ ਕੰਮ ਕਰੇਗਾ, ਬਠਿੰਡਾ ਅਤੇ ਪੰਜਾਬ ਦੇ ਵਸਨੀਕਾਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਲੀਗ ਸੰਬੰਧੀ ਸਥਾਨਾਂ ਅਤੇ ਹੋਰ ਜਾਣਕਾਰੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ "ਬਠਿੰਡਾ ਪ੍ਰੀਮੀਅਰ ਲੀਗ" ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਕਰਨਾ ਹੈ, ਤਾਂ ਖੇਡਾਂ ਅਤੇ ਮੈਦਾਨਾਂ ਦਾ ਨਸ਼ਾ ਕਰੋ, ਤਾਂ ਜੋ ਬਠਿੰਡਾ ਨੂੰ ਦੇਸ਼ ਦਾ ਨੰਬਰ ਇੱਕ, ਆਦਰਸ਼, ਆਧੁਨਿਕ ਅਤੇ ਨਸ਼ਾ ਮੁਕਤ ਸ਼ਹਿਰ ਬਣਾਇਆ ਜਾ ਸਕੇ।