ਮਿੱਤਲ ਗਰੁੱਪ ਦੀ ਮਛਾਣਾ ਸਥਿਤ ਸ਼ਰਾਬ ਫੈਕਟਰੀ 'ਚ ਲੱਗੀ ਭਿਆਨਕ ਅੱਗ- ਜਾਨੀ ਨੁਕਸਾਨ ਤੋਂ ਬਚਾਅ
ਵੱਡੇ ਆਰਥਿਕ ਨੁਕਸਾਨ ਦਾ ਖਦਸ਼ਾ ਜਤਾਇਆ
ਅਸ਼ੋਕ ਵਰਮਾ
ਬਠਿੰਡਾ, 19 ਜੂਨ 2026: ਬੀਸੀਐੱਲ ਇੰਡਸਟਰੀ ਲਿਮਟਿਡ ਦੇ ਪਿੰਡ ਮਛਾਣਾ ਸਥਿਤ ਡਿਸਟਿਲਰੀ ਯੂਨਿਟ ਅੰਦਰ ਇੱਕ ਇਥਨੋਲ ਸਟੌਰਰੇਜ਼ ਟੈਂਕ ਨੂੰ ਸਵੇਰੇ 9 ਵਜੇ ਅਚਾਨਕ ਅੱਗ ਲੱਗ ਗਈ ਜਿਸ ਨੇ ਪੂਰੇ ਟੈਂਕ ਨੂੰ ਆਪਣੀ ਲਪੇਟ ’ਚ ਲੈ ਲਿਆ। ਘਟਨਾ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਵੱਡਾ ਆਰਥਿਕ ਨੁਕਸਾਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ । ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਜ਼ਿਲ੍ਹੇ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਹਰਕਤ ’ਚ ਆਇਆ ਅਤੇ ਉਚ ਪੁਲਿਸ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ। ਦੂਜੇ ਪਾਸੇ ਜਦੋਂ ਅੱਜ ਸਵੇਰੇ ਅਚਾਨਕ ਅੱਗ ਲੱਗੀ ਤਾਂ ਡਿਸਟਿਲਰੀ ਯੂਨਿਟ ਦੀਆਂ ਆਪਣੀਆਂ ਦੋ ਅੱਗ ਬਝਾਊ ਗੱਡੀਆਂ ਅਤੇ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ । ਅੱਗ ਜ਼ਿਆਦਾ ਹੋਣ ਕਾਰਨ ਇਸ ਦੀ ਜਾਣਕਾਰੀ ਤਰੁੰਤ ਬਠਿੰਡਾ ਨਗਰ ਨਿਗਮ ਦੇ ਫਾਇਰ ਬ੍ਰਿਗੇਡ , ਰਾਮਾ ਸਥਿਤ ਐਚਐਮਈਐੱਲ ਤੋਂ ਇਲਾਵਾ, ਹਵਾਈ ਸਟੇਸ਼ਨ ਭਿਸੀਆਣਾ ਅਤੇ ਨੇੜਲੇ ਉਦਯੋਗਿਕ ਇਕਾਈਆਂ ਨੂੰ ਦਿੱਤੀ ਗਈ ਅਤੇ ਵੱਖ ਵੱਖ ਥਾਵਾਂ ਤੋਂ ਡੇਢ ਦਰਜ਼ਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੀਸੀਐੱਲ ਇੰਡਸਟਰੀ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧੀ ਉਨ੍ਹਾਂ ਦੀ ਇਕ ਵਿਸ਼ੇਸ਼ ਟੈਕਨੀਕਲ ਟੀਮ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜਿਸ ਇਥਨੌਲ ਟੈਂਕ ਨੂੰ ਅੱਗ ਲੱਗੀ ਹੈ ਇਸ ਦੀ ਲੱਖਾਂ ਲੀਟਰ ਦੀ ਸਮਰਥਾ ਹੈ ਜਿਸ ਕਾਰਨ ਅੱਗ ਨੂੰ ਕਾਬੂ ਕਰਨ ’ਚ ਕਾਫੀ ਮਿਹਨਤ ਕਰਨੀ ਪਈ ਪਰ ਫਿਰ ਵੀ ਵੱਖ ਵੱਖ ਥਾਵਾਂ ਤੋਂ ਆਈਆਂ ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਇਸ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਮੌਜੂਦ ਬਠਿੰਡਾ ਪੁਲਿਸ ਦਿਹਾਤੀ ਦੇ ਡੀਐਸਪੀ ਐਚਐੱਸ ਸਰਾਂ ਨੇ ਦੱਸਿਆ ਕਿ ਅੱਗ ਲੱਗਣ ’ਤੇ ਜਿਥੇ ਬੀਸੀਐੱਲ ਯੂਨਿਟ ਦੀਆਂ ਆਪਣੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਨਾਲ ਹੀ ਬਠਿੰਡਾ ਨਗਰ ਨਿਗਮ ਤੋਂ ਇਲਾਵਾ ਰਾਮਾਂ ਰਿਫਾਇਨਰੀ, ਸਪੋਰਟ ਕਿੰਗ ਜੀਦਾ, ਓਮ ਸਨਜ਼, ਤਲਵੰਡੀ ਸਾਬੋ ਅਤੇ ਗਿਦੜਬਾਹਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਮਾਤਰਾ ’ਚ ਆਰਥਿਕ ਨੁਕਸਾਨ ਦੱਸਿਆ ਜਾ ਰਿਹਾ ਹੈ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-