ਮਿਸਲ ਸਤਲੁਜ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਵਿਖੇ ਵਿਸ਼ੇਸ਼ ਮੀਟਿੰਗ
ਫਿਰੋਜ਼ਪੁਰ 24 ਮਾਰਚ ,2026
ਪੰਜਾਬ-ਕੇਂਦਰਿਤ ਮਜ਼ਬੂਤ ਰਾਜਨੀਤਕ ਵਿਕਲਪ ਦੀ ਸਿਰਜਣਾ ਲਈ ਵਚਨਬੱਧ ਸਰਗਰਮ ਸਮਾਜਿਕ ਤੇ ਰਾਜਨੀਤਕ ਜਥੇਬੰਦੀ ਮਿਸਲ ਸਤਲੁਜ ਵੱਲੋਂ ਸ਼ੁਰੂ ਕੀਤੀ ਗਈ “ਪੂਰਾ ਪੰਜਾਬ ਲਹਿਰ” ਮੁਹਿੰਮ ਨੂੰ ਹੋਰ ਸਰਗਰਮ ਕਰਨ ਦੇ ਉਦੇਸ਼ ਨਾਲ ਅੱਜ ਤੋਂ 35 ਦਿਨ ਪਹਿਲਾਂ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਲੜੀ ਤਹਿਤ ਜਨਰਲ ਸਕੱਤਰ ਸ. ਦਵਿੰਦਰ ਸਿੰਘ ਸੇਖੋਂ ਦੇ ਗ੍ਰਹਿ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਇੱਕ ਵਿਸ਼ੇਸ਼ ਅਤੇ ਵਿਚਾਰ-ਵਟਾਂਦਰੇ ਭਰੀ ਮੀਟਿੰਗ ਕੀਤੀ ਗਈ।
ਇਸ ਅਹਿਮ ਮੀਟਿੰਗ ਵਿੱਚ ਮਿਸਲ ਸਤਲੁਜ ਦੇ ਪ੍ਰਧਾਨ ਸ. ਅਜੇਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਦੇ ਹੋਏ ਜਥੇਬੰਦੀ ਦੇ ਆਗਾਮੀ ਵਿਸਥਾਰਕਾਰੀ ਪ੍ਰੋਗਰਾਮਾਂ ਅਤੇ ਜ਼ਮੀਨੀ ਪੱਧਰ ‘ਤੇ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ “ਪੂਰਾ ਪੰਜਾਬ ਲਹਿਰ” ਪੰਜਾਬ ਦੀ ਆਵਾਜ਼ ਨੂੰ ਇਕੱਠਾ ਕਰਕੇ ਇਕ ਮਜ਼ਬੂਤ ਲੋਕ-ਕੇਂਦਰਿਤ ਰਾਜਨੀਤਕ ਵਿਕਲਪ ਤਿਆਰ ਕਰਨ ਵੱਲ ਇਕ ਇਤਿਹਾਸਕ ਕਦਮ ਸਾਬਤ ਹੋਵੇਗੀ।
ਮੀਟਿੰਗ ਦੌਰਾਨ ਹਲਕਾ ਜੀਰਾ ਤੋਂ ਸ਼ਾਮਲ ਹੋਏ ਸ. ਤਜਿੰਦਰ ਸਿੰਘ ਕੰਗ, ਸ. ਅੰਮ੍ਰਿਤਪਾਲ ਸਿੰਘ ਅਤੇ ਸ. ਗੁਰਮਨ ਸਿੰਘ ਨਿਜਾਮੀਵਾਲਾ ਵੱਲੋਂ ਮਿਸਲ ਸਤਲੁਜ ਦੀਆਂ ਗਤੀਵਿਧੀਆਂ ਨੂੰ ਹੋਰ ਵਿਆਪਕ ਪੱਧਰ ‘ਤੇ ਲੈ ਕੇ ਜਾਣ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜੋੜਨ ਸੰਬੰਧੀ ਸਰਗਰਮ ਅਤੇ ਸੁਝਾਅ ਸਾਂਝੇ ਕੀਤੇ ਗਏ।
ਇਸ ਮੌਕੇ ਸੂਬਾ ਸਕੱਤਰ ਸ. ਰਣਪਿੰਦਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਇਕੱਠੀਆਂ ਕੀਤੀਆਂ ਗਈਆਂ ਦਸਤਖ਼ਤ ਪਟੀਸ਼ਨਾਂ “ਪੂਰਾ ਪੰਜਾਬ ਮੁਹਿੰਮ” ਦੇ ਕਨਵੀਨਰ ਸ. ਅਮਰਿੰਦਰ ਸਿੰਘ ਤੁੜ ਨੂੰ ਸੌਂਪੀਆਂ ਗਈਆਂ, ਜੋ ਇਸ ਲਹਿਰ ਪ੍ਰਤੀ ਲੋਕਾਂ ਦੇ ਵਧ ਰਹੇ ਭਰੋਸੇ ਅਤੇ ਸਮਰਥਨ ਦਾ ਪ੍ਰਤੀਕ ਹਨ।
ਮੀਟਿੰਗ ਵਿੱਚ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ. ਗੁਰਜੰਟ ਸਿੰਘ (ਸੀਨੀਅਰ ਮੀਤ ਪ੍ਰਧਾਨ, ਜ਼ਿਲਾ ਫਰੀਦਕੋਟ), ਸ. ਜਗਦੇਵ ਸਿੰਘ (ਫਰੀਦਕੋਟ), ਸ. ਸੁਖਰਾਜ ਸਿੰਘ ਸੁੱਖਣਵਾਲਾ, ਸ. ਗਗਨਦੀਪ ਸਿੰਘ (ਕੈਨੇਡਾ), ਸ. ਗੁਰਪ੍ਰੇਮ ਸਿੰਘ ਟੀਟੂ, ਸ. ਜਸਪ੍ਰੀਤ ਸਿੰਘ ਪਤਲੀ, ਸ. ਗੁਰਵਿੰਦਰ ਸਿੰਘ ਸੰਘਾ, ਸ. ਕੰਵਲਜੀਤ ਸਿੰਘ ਕਾਕਾ, ਸ. ਰਾਜਪਾਲ ਸਿੰਘ, ਸ. ਕੁਲਬੀਰ ਸਿੰਘ ਸੋਨਾ ਅਤੇ ਪ੍ਰੈਸ ਸਕੱਤਰ ਸ. ਸਰਬਜੀਤ ਸਿੰਘ ਸਮੇਤ ਹੋਰ ਕਈ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਮੀਟਿੰਗ ਦੌਰਾਨ ਸਾਰਿਆਂ ਨੇ ਇਕਜੁੱਟ ਹੋ ਕੇ ਫੈਸਲਾ ਲਿਆ ਕਿ “ਪੂਰਾ ਪੰਜਾਬ ਲਹਿਰ” ਨੂੰ ਘਰ-ਘਰ ਤੱਕ ਪਹੁੰਚਾ ਕੇ ਪੰਜਾਬ ਦੀਆਂ ਲੋਕ-ਹਿੱਤਕ ਮੰਗਾਂ ਨੂੰ ਇੱਕ ਮਜ਼ਬੂਤ ਜਨ-ਅੰਦੋਲਨ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ।
Click to Follow Babushahi Facebook page →