ਮਹਾਂਪੰਚਾਇਤ ਲਈ ਜਾਣ ਮੌਕੇ ਬੱਸ ਹਾਦਸੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨਮਿੱਤ ਬਰਸੀ ਸਮਾਗਮ
ਅਸ਼ੋਕ ਵਰਮਾ
ਬਠਿੰਡਾ, 30 ਜਨਵਰੀ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿਛਲੇ ਸਾਲ 4 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਟੋਹਾਣਾ (ਹਰਿਆਣਾ) ’ਚ ਰੱਖੀ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਜਾਣ ਮੌਕੇ ਬੱਸ ਹਾਦਸੇ ਦੌਰਾਨ ਸ਼ਹੀਦ ਹੋਏ ਕਿਸਾਨ ਆਗੂ ਬਸੰਤ ਸਿੰਘ ,ਕਰਮ ਸਿੰਘ, ਅਤੇ ਬਲਵੀਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਕੋਠਾ ਗੁਰ ਦੀ ਪਹਿਲੀ ਬਰਸੀ 31 ਜਨਵਰੀ ਦਿਨ ਸ਼ਨੀਵਾਰ ਨੂੰ ਪਿੰਡ ਕੋਠਾ ਗੁਰੂ ਦੇ ਵੱਡੇ ਅਗਵਾੜ ਵਿਖੇ ਮਨਾਈ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋ ਦਿੱਲੀ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰੀਆਂ ਕਰਨ, ਸਮੂਹ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ , ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖਤਮ ,ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਫਸਲੀ ਬੀਮਾ ਯੋਜਨਾ , ਬੁਢਾਪਾ ਪੈਨਸ਼ਨ ਅਤੇ ਨਵੇਂ ਹਮਲਿਆਂ ਦੇ ਖਿਲਾਫ ਮਹਾਂਪੰਚਾਇਤ ਦਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਸਰਕਾਰ ਤੇ ਦਬਾਅ ਪਾਇਆ ਜਾ ਸਕੇ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਕਿਰਤੀ ਲੋਕਾਂ ਤੇ ਨਿੱਤ ਨਵੇਂ ਤੋਂ ਨਵੇਂ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਿਰਤੀ ਲੋਕਾਂ ਦੇ ਘਰਾਂ ਵਿੱਚ ਹਨੇਰਾ ਕਰਨ ਲਈ 2025 ਬਿਜਲੀ ਐਕਟ, ਖੇਤੀ ਨੂੰ ਖੇਤਰ ਤਬਾਹੀ ਦੇ ਕੰਢੇੇ ਲਿਆਉਣ ਵਾਲਾ ਬੀਜ ਐਕਟ ਅਤੇ ਮਜ਼ਦੂਰਾਂ ਤੋਂ ਜੀ ਰਾਮ ਜੀ ਦੇ ਨਾਂ ਤੇ ਨਰੇਗਾ ਖਤਮ ਕਰਕੇ ਤੁੱਛ ਸਹੂਲਤਾਂ ਖੋਹਣ,ਅਤੇ ਸਨਅਤੀ ਮਜ਼ਦੂਰਾਂ ਦੇ ਕਿਰਤ ਕੋਡ ਲਾਗੂ ਕਰਕੇ ਉਹਨਾਂ ਦੇ ਦਿਹਾੜੀ ਘੰਟਿਆਂ ਨੂੰ 12 ਘੰਟੇ ਕਰਨ ਵਰਗੀਆਂ ਸਾਮਰਾਜੀ ਨੀਤੀਆਂ ਨੂੰ ਜ਼ੋਰ ਸੋਰ ਨਾਲ ਲਾਗੂ ਕਰਕੇ ਪੈਦਾਵਾਰੀ ਦੇ ਸਾਰੇ ਖੇਤਰਾਂ ਅਤੇ ਕਾਰੋਬਾਰਾਂ ਨੂੰ ਸੌਪਣ ਦੇ ਫੈਸਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਰਸੀ ਮਨਾਉਣ ਦਾ ਮਤਲਬ ਸਿਰਫ ਯਾਦ ਕਰਨਾ ਹੀ ਨਹੀਂ ਬਲਕਿ ਜਿਸ ਕਾਜ ਲਈ ਉਹ ਜਾਨਾਂ ਨਿਸ਼ਾਵਰ ਕਰ ਗਏ ਉਸ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨ ਦੀ ਲੋੜ ਹੈ।