ਮਸੂਰੀ 'ਚ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ ਨੂੰ ਤੋੜਨ ਦੀ ਕੀਤੀ ਨਿਖੇਧੀ
ਫਗਵਾੜਾ, 31 ਜਨਵਰੀ 2026 : ਪ੍ਰਸਿੱਧ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ, ਜੋ ਉੱਤਰਾਖੰਡ ਦੇ ਸ਼ਹਿਰ ਮਸੂਰੀ ਦੇ ਬਾਲਾ ਹਿਸਾਰ ਖੇਤਰ ਵਿੱਚ ਸਥਿਤ ਸੀ ਅਤੇ ਜਿਸਦੀ ਪੂਰੇ ਖੇਤਰ ਵਿੱਚ ਮਾਨਤਾ ਸੀ, ਨੂੰ ਫ਼ਿਕਰਾਪ੍ਰਸਤ ਤਾਕਤਾਂ ਵੱਲੋਂ ਤੋੜ ਦਿੱਤਾ ਗਿਆ, ਜਿਸਦਾ ਸਥਾਨਕ ਭਾਈਚਾਰੇ ‘ਚ ਵੱਡਾ ਰੋਸ ਫ਼ੈਲ ਗਿਆ।
ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਪ੍ਰਸਿੱਧ ਕਾਲਮਨਵੀਸ ਡਾ: ਚਰਨਜੀਤ ਸਿੰਘ ਗੁਮਟਾਲਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਦੀਦਾਰ ਸ਼ੇਤਰਾ, ਗੁਰਚਰਨ ਸਿੰਘ ਨੁਰਪੂਰ, ਗੁਰਬਿੰਦਰ ਮਾਣਕ ਨੇ ਇਸ ਕਾਰਵਾਈ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕ ਗੰਗਾ-ਜਮੁਨੀ ਤਹਿਜ਼ੀਬ ਨੂੰ ਖੋਦ ਕੇ ਉਸ ਦੇ ਥੱਲਿਓਂ ਮਜ਼ਹਬੀ ਤੁਅਸਬਾਂ ਦੇ ਖੰਡਰਾਤ ਲੱਭੇ ਜਾ ਰਹੇ ਹਨ ਅਤੇ ਫਤਵੇ ਦਿੱਤੇ ਜਾ ਰਹੇ ਹਨ ਅਤੇ ਮਿੱਥਕੇ ਸਾਂਝ ਦੇ ਚਿੰਨਾਂ ਨੂੰ ਮਿਟਾਇਆ ਜਾ ਰਿਹਾ ਹੈ ਅਤੇ ਧਾਰਮਿਕ ਅਸਹਿਣਸ਼ੀਲਤਾ ਦਾ ਮਾਹੌਲ ਦੇਸ਼ ਵਿੱਚ ਸਿਰਜਨ ਦਾ ਯਤਨ ਹੋ ਰਿਹਾ ਹੈ।
ਇਹਨਾਂ ਬੁੱਧੀਜੀਵੀਆਂ, ਲੇਖਕਾਂ, ਕਾਲਮਨਵੀਸਾਂ ਨੇ ਇਹ ਵੀ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਘੱਟ ਗਿਣਤੀਆਂ ਦੇ ਖ਼ਿਲਾਫ਼ ਸਾਜ਼ਿਸ਼ ਹਨ ਅਤੇ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਢਾਹ ਲਗਾਉਣ ਦੇ ਯਤਨ ਹਨ, ਜਿਸ ਨਾਲ ਧਰਮ ਦੇ ਨਾਂ ‘ਤੇ ਲੋਕਾਂ ਵਿੱਚ ਨਫ਼ਰਤ ਫੈਲਦੀ ਹੈ। ਇਹਨਾਂ ਸਖ਼ਸ਼ੀਅਤਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।