ਮਜੀਠਾ ਰੋਡ ‘ਤੇ ਲੜਕੀ ਨਾਲ ਲੁੱਟ ਦੀ ਵਾਰਦਾਤ,ਇਕ ਘੰਟੇ ਚ Arrest
ਕੁਲਵਿੰਦਰ ਸਿੰਘ
ਅੰਮ੍ਰਿਤਸਰ 24 ਅਪ੍ਰੈਲ 2026
ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਲੁੱਟ ਦੀ ਇੱਕ ਘਟਨਾ ਸਾਹਮਣੇ ਆਈ, ਜਿੱਥੇ ਇੱਕ ਨੌਜਵਾਨ ਨੇ ਸ਼ਾਮ ਕਰੀਬ ਸੱਤ ਵਜੇ ਇੱਕ ਕੁੜੀ ਤੋਂ ਉਸਦਾ ਫੋਨ ਅਤੇ ਪਰਸ ਖੋਹ ਲਿਆ। ਜਾਣਕਾਰੀ ਮੁਤਾਬਕ ਇਹ ਘਟਨਾ ਕਾਲਾ ਮਾਲਾ ਚੌਂਕ ਨੇੜੇ ਵਾਪਰੀ, ਜਿੱਥੇ ਪੀੜਤਾ ਆਪਣੀ ਭੈਣ ਨਾਲ ਖਾਣਾ ਖਾ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਪੈਦਲ ਆਇਆ ਅਤੇ ਅਚਾਨਕ ਮੇਜ਼ ‘ਤੇ ਪਿਆ ਫੋਨ ਤੇ ਪਰਸ ਚੁੱਕ ਕੇ ਭੱਜ ਗਿਆ।
ਦੋਸ਼ੀ ਨੇ ਪਹਿਲਾਂ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਦੂਰੀ ‘ਤੇ ਖੜੀ ਆਪਣੀ ਐਕਟਿਵਾ ‘ਤੇ ਬੈਠ ਕੇ ਫਰਾਰ ਹੋ ਗਿਆ। ਪੀੜਤਾ ਨੇ ਹਿੰਮਤ ਦਿਖਾਉਂਦਿਆਂ ਉਸਦਾ ਪਿੱਛਾ ਵੀ ਕੀਤਾ, ਪਰ ਭੱਜਦਿਆਂ ਉਹ ਡਿੱਗ ਗਈ ਜਿਸ ਨਾਲ ਉਸਨੂੰ ਹਲਕੀਆਂ ਚੋਟਾਂ ਵੀ ਆਈਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਰੋਡ ਦੇ ਐਸਐਚਓ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਐਸਆਈ ਹਰਪਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਕਨੀਕੀ ਅਤੇ ਸੂਝਬੂਝ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਦੀ ਮੁਸਤੈਦੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ ਇੱਕ ਘੰਟੇ ਦੇ ਅੰਦਰ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਵੱਲੋਂ ਆਰੋਪੀ ਕੋਲੋਂ ਪੀੜਤਾ ਦਾ ਫੋਨ, ਪਰਸ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ, ਨਾਲ ਹੀ ਉਹ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਈ ਗਈ ਜਿਸ ‘ਤੇ ਉਹ ਭੱਜਿਆ ਸੀ। ਇਸ ਤੁਰੰਤ ਕਾਰਵਾਈ ਨਾਲ ਪੀੜਤਾ ਨੂੰ ਵੱਡੀ ਰਾਹਤ ਮਿਲੀ ਹੈ।
ਪੀੜਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਸਦਾ ਫੋਨ ਉਸਦੇ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਅੱਜਕੱਲ੍ਹ ਜ਼ਿਆਦਾਤਰ ਕੰਮ ਮੋਬਾਈਲ ‘ਤੇ ਨਿਰਭਰ ਹੁੰਦੇ ਹਨ।
ਉਸਨੇ ਕਿਹਾ ਕਿ ਪੁਲਿਸ ਨੇ ਬਹੁਤ ਘੱਟ ਸਮੇਂ ਵਿੱਚ ਉਸਦਾ ਸਮਾਨ ਵਾਪਸ ਦਿਵਾਇਆ, ਜੋ ਕਾਬਿਲ-ਏ-ਤਾਰੀਫ਼ ਹੈ।
ਇਸ ਮਾਮਲੇ ਨੇ ਇੱਕ ਵਾਰ ਫਿਰ ਪੁਲਿਸ ਦੀ ਤੇਜ਼ ਕਾਰਵਾਈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਭਰੋਸਾ ਮਜ਼ਬੂਤ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Click to Follow Babushahi Facebook page →