ਮਜਬੂਰੀ ‘ਚ ਮੰਗਾਂ ਲੈ ਕੇ ਪਹੁੰਚੇ ਸਫਾਈ ਸੇਵਕ, ਹੱਥਾਂ ‘ਚ ਫੜਾਏ ਗਏ ਸਰਕਾਰੀ ਪ੍ਰਚਾਰ ਦੇ ਪੋਸਟਰ
ਮੰਗਾਂ ਸੁਣਨ ਦੀ ਥਾਂ ‘ਪ੍ਰਾਪਤੀਆਂ’ ਦੀ ਫੋਟੋ ਸ਼ੂਟ?
ਯੂਨੀਅਨ ਪ੍ਰਧਾਨ ਨੇ ਦੱਸੀ ਫੋਟੋਸ਼ੂਟ ਦੀ ਸੱਚਾਈ
ਜਗਰਾਉਂ, 09 ਅਪ੍ਰੈਲ (ਦੀਪਕ ਜੈਨ): ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਲੱਭਣ ਲਈ ਹਲਕਾ ਵਿਧਾਇਕ ਦੇ ਘਰ ਪਹੁੰਚੇ ਸਫਾਈ ਸੇਵਕ ਉਸ ਵੇਲੇ ਹੈਰਾਨ ਰਹਿ ਗਏ, ਜਦੋਂ ਮਸਲੇ ਸੁਣਨ ਦੀ ਥਾਂ ਉਨ੍ਹਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੇ ਪੋਸਟਰ ਹੱਥਾਂ ਵਿੱਚ ਫੜਾ ਕੇ ਫੋਟੋਆਂ ਖਿੱਚਵਾਉਣ ਲਈ ਕਿਹਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਫਾਈ ਸੇਵਕ ਯੂਨੀਅਨ ਪੰਜਾਬ, ਬ੍ਰਾਂਚ ਜਗਰਾਉਂ ਦੇ ਮੈਂਬਰ ਆਪਣੀਆਂ ਮੁੱਖ ਮੰਗਾਂ—ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਠੇਕੇਦਾਰੀ ਪ੍ਰਥਾ ਦਾ ਖਾਤਮਾ, ਸਿੱਧੀ ਭਰਤੀ ਅਤੇ 2016 ਦੇ ਕਾਨੂੰਨ ਦੀ ਲਾਗੂਅੰਦਾਜ਼ੀ—ਸਬੰਧੀ ਆਪਣਾ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਦੇ ਨਿਵਾਸ ‘ਤੇ ਪਹੁੰਚੇ ਸਨ। ਪਰ ਮੌਕੇ ‘ਤੇ ਬਣੀ ਸਥਿਤੀ ਨੇ ਸਾਰੇ ਮਾਮਲੇ ਨੂੰ ਇੱਕ ਵੱਖਰੇ ਹੀ ਰੁਖ ‘ਚ ਮੋੜ ਦਿੱਤਾ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ, “ਅਸੀਂ ਤਾਂ ਆਪਣੀਆਂ ਸਮੱਸਿਆਵਾਂ ਲੈ ਕੇ ਗਏ ਸਾਂ, ਪਰ ਸਾਡੇ ਨਾਲ ਉਲਟਾ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦੇ ਪੋਸਟਰ ਫੜਾ ਕੇ ਫੋਟੋਆਂ ਖਿੱਚਵਾਈਆਂ ਗਈਆਂ। ਇਹ ਸਾਡੀ ਮਜਬੂਰੀ ਦਾ ਸਿਆਸੀ ਫਾਇਦਾ ਚੁੱਕਣ ਵਾਲੀ ਗੱਲ ਹੈ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਮੰਗਾਂ ਦਾ ਹੱਲ ਲੱਭਣ ਦੀ ਉਮੀਦ ਨਾਲ ਕਰਮਚਾਰੀ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਪ੍ਰਚਾਰ ਦਾ ਹਿੱਸਾ ਬਣਾਉਣਾ ਨਾਜਾਇਜ਼ ਹੈ ਅਤੇ ਇਹ ਸਫਾਈ ਕਰਮਚਾਰੀਆਂ ਦੇ ਜਜ਼ਬਾਤਾਂ ਨਾਲ ਖੇਡਣ ਵਰਗਾ ਹੈ।
ਦੂਜੇ ਪਾਸੇ, ਇਸ ਸਾਰੀ ਘਟਨਾ ਨੇ ਸਿਆਸੀ ਮਾਹੌਲ ਵਿੱਚ ਵੀ ਚਰਚਾ ਛੇੜ ਦਿੱਤੀ ਹੈ। ਮਜਬੂਰੀ ਵਿੱਚ ਆਏ ਕਰਮਚਾਰੀਆਂ ਨੂੰ ਪ੍ਰਚਾਰ ਲਈ ਵਰਤਣ ਦੇ ਦੋਸ਼ਾਂ ਨੇ ਸਰਕਾਰ ਅਤੇ ਸਥਾਨਕ ਆਗੂਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਹਾਲਾਂਕਿ ਵਿਧਾਇਕ ਵੱਲੋਂ ਮੰਗਾਂ ਨੂੰ ਸਰਕਾਰ ਅੱਗੇ ਰੱਖਣ ਦਾ ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਇਸ ਘਟਨਾ ਤੋਂ ਬਾਅਦ ਸਫਾਈ ਸੇਵਕਾਂ ਵਿੱਚ ਨਾਰਾਜ਼ਗੀ ਸਾਫ਼ ਦਿਖਾਈ ਦੇ ਰਹੀ ਹੈ।
ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਗਿੱਲ, ਚੇਅਰਮੈਨ ਬੁੱਧ ਰਾਮ, ਸੈਕਟਰੀ ਰਜਿੰਦਰ ਕੁਮਾਰ, ਵਾਈਸ ਪ੍ਰਧਾਨ ਸਨੀ ਸੁੰਦਰ, ਸੰਤੋਖ ਰਾਮ, ਸੁਰਜੀਤ ਸਿੰਘ, ਭੂਸ਼ਣ ਗਿੱਲ, ਸੁਖਵਿੰਦਰ ਖੋਸਲਾ, ਸੁਨੀਲ ਕੁਮਾਰ ਕਾਲਾ, ਮਿਸਰੋ ਦੇਵੀ, ਆਸ਼ਾ ਰਾਣੀ, ਨੀਨਾ ਰਾਣੀ, ਕੰਚਨ, ਸੁਨੀਤਾ, ਹਰਜੀਤ ਕੌਰ, ਮਾਇਆ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਹਾਜ਼ਰ ਸਨ।
Click to Follow Babushahi Facebook page →