ਭਾਰੀ ਮੀਂਹ ਤੇ ਗੜਿਆਂ ਦੇ ਛਰਾਟੇ ਨੇ ਕਣਕਾਂ ਮਧੋਲੀਆਂ, ਕਿਸਾਨਾਂ ਦੀ ਵਧਾਈ ਚਿੰਤਾ
ਕੰਬਾਇਨਾਂ ਵਾਲਿਆਂ ਵੱਲੋਂ ਡਿੱਗੀਆਂ ਕਣਕਾਂ ਦੀ ਵਡਾਈ ਦੂਗਣੀ ਕਰਨ ਕਰਕੇ ਕਿਸਾਨਾਂ ਨੂੰ ਪੈ ਸਕਦੀ ਦੂਹਰੀ ਮਾਰ
ਕਣਕਾਂ ਦੇ ਝਾੜ ਘਟਣ ਦਾ ਖਦਸ਼ਾ,ਕਿਸਾਨਾਂ ਨੇ ਕੀਤੀ ਬੋਨਸ ਵਜੋਂ ਮੁਆਵਜ਼ੇ ਦੀ ਮੰਗ
ਪੰਜਗਰਾਈਂ ਕਲਾਂ, 8 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈਂ): ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਰੁਕ ਰੁਕ ਕੇ ਪੈ ਰਹੇ ਭਾਰੀ ਮੀਂਹ ਤੇ ਹੋਈ ਗੜੇਮਾੜੀ ਨੇ ਸੂਬੇ ਦੇ ਕਈ ਜਿਲ੍ਹਿਆਂ ਵਿੱਚ ਪੱਕਣ ਕਿਨਾਰੇ ਖੜੀ ਕਿਸਾਨਾਂ ਦੀ ਕਣਕ ਦੀ ਫਸ਼ਲ ਨੂੰ ਝੰਬ ਕੇ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤਾ ਹੈ,ਜਿਸ ਕਾਰਨ ਕਿਸਾਨ ਪੁੱਤਾਂ ਵਾਂਗ ਪਾਲੀ ਫਸਲ ਦੇ ਬਰਬਾਦ ਹੋਣ ਕਾਰਨ ਡੂੰਘੇ ਸਦਮੇ ਵਿੱਚ ਹਨ ਤੇ ਕਿਸਾਨ ਉਸਦੇ ਸਿਰ ਕਰਜੇ ਦੀ ਪੰਡ ਹੋਰ ਭਾਰੀ ਹੋਣ ਕਾਰਨ ਚਿੰਤਤ ਵੀ ਹੈ। ਇਸੇ ਤਰ੍ਹਾਂ ਹੀ ਬੀਤੀ ਰਾਤ ਪੰਜਗਰਾਈਂ ਕਲਾਂ ਇਲਾਕੇ ਵਿੱਚ ਪਏ ਭਾਰੀ ਮੀਂਹ ਕਾਰਨ ਤੇ ਬਰੀਕ ਗੜਿਆਂ ਦੇ ਪਏ ਛਰਾਟੇ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਇਸ ਇਲਾਕੇ ਦੇ ਕਈ ਪਿੰਡਾਂ ਦੇ ਖੇਤਾਂ ਵਿਚ ਮਧੋਲ ਕੇ ਰੱਖ ਦਿੱਤੀ ਹੈ, ਜਿਸ ਕਾਰਨ ਕਿਸਾਨ ਫਿਕਰਮੰਦ ਹੈ ਕਿਸਾਨਾਂ ਨੂੰ ਖਦਸ਼ਾ ਹੈ ਕੇ ਇਸ ਤਰ੍ਹਾਂ ਮੀਂਹ, ਗੜਿਆਂ ਤੇ ਝੱਖੜ ਕਾਰਨ ਧਰਤੀ ਤੇ ਵਿਛੀ ਕਣਕ ਦੀ ਫਸ਼ਲ ਦਾ ਝਾੜ ਘਟਣ ਦਾ ਡਰ ਹੈ।
ਡਿੱਗੀ ਕਣਕ ਦੀ ਵਢਾਈ ਵੀ ਕੰਬਾਈਨਾਂ ਵਾਲੇ ਦੂਗਣੀ ਕਰ ਸਕਦੇ ਹਨ, ਜਿਸ ਨਾਲ ਕਿਸਾਨਾਂ ਦਾ ਕਹਿਣਾ ਹੈ ਕੇ ਉਹਨਾਂ ਤੇ ਦੂਹਰੀ ਮਾਰ ਪਵੇਗੀ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕੇ ਇਸ ਭਾਰੀ ਮੀਂਹ ਕਾਰਨ ਸਰੋਂ ਦੀ ਵਢਾਈ ਕਰਕੇ ਤੇ ਆਲੂਆਂ ਦੀ ਪੁਟਾਈ ਕਰਕੇ ਕਿਸਾਨਾਂ ਵੱਲੋਂ ਬੀਜਾਈ ਕੀਤੀ ਮੱਕੀ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਇਲਾਕੇ ਦੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਜਿਲ੍ਹੇ ਫਰੀਦਕੋਟ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਫਰੀਦਕੋਟ ਦੇ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕੇ ਕਿਸਾਨ ਦੀ ਕਣਕ ਦੀ ਫ਼ਸਲ ਦੇ ਘੱਟ ਨਿਕਲਣ ਵਾਲੇ ਝਾੜ ਦੀ ਭਰਪਾਈ ਲਈ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਧ ਤੋਂ ਵੱਧ ਖ੍ਰੀਦ ਮੁੱਲ ਦੇ ਨਾਲ ਬੋਨਸ ਮੁਆਵਜ਼ਾ ਵਜੋਂ ਦਿੱਤਾ ਜਾਵੇ ਕਿਉਂ ਕੇ ਪਹਿਲਾਂ ਹੀ ਖੇਤੀ ਚੋਂ ਪੈ ਰਹੇ ਘਾਟੇ ਦੀ ਮਾਰ ਕਾਰਨ ਦਿਨੋਂ ਦਿਨ ਕਰਜਾਈ ਹੋ ਰਹੇ ਕਿਸਾਨ ਨੂੰ ਕਰਜੇ ਦੀ ਮਾਰ ਤੋਂ ਬਚਾਇਆ ਜਾ ਸਕੇ।
Click to Follow Babushahi Facebook page →