ਭਗਵੰਤ ਮਾਨ ਸਰਕਾਰ ਨੇ ਖੇਡ ਮੈਦਾਨਾਂ 'ਚ ਮੁੜ ਤੋਂ ਰੌਣਕਾਂ ਲਾਈਆਂ- ਖੁੱਡੀਆਂ
ਕਬੱਡੀ ਮੇਲਿਆਂ ਤੇ ਪਿੰਡ ਪੱਧਰੀ ਟੂਰਨਾਮੈਂਟਾਂ ਦਾ ਸੂਬੇ ਦੀ ਜੁਆਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਯੋਗਦਾਨ
ਪਿੰਡ ਸਿੱਲ੍ਹ ਵਿਖੇ ਸਾਬਕਾ ਸਰਪੰਚ ਚਰਨਜੀਤ ਸਿੰਘ ਦੀ ਯਾਦ ਚ ਕਰਵਾਏ ਕਬੱਡੀ ਟੂਰਨਾਮੈਂਟ 'ਚ ਕੀਤੀ ਸ਼ਿਰਕਤ
ਕਿਹਾ, ਐਮ ਐਲ ਏ ਡਾ. ਚਰਨਜੀਤ ਸਿੰਘ ਦੀ ਮੱਦਦ ਨਾਲ ਪਿੰਡ ਚ 40 ਲੱਖ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਦਾ ਕੀਤਾ ਜਾਵੇਗਾ ਉਪਰਾਲਾ
ਐਮ ਐਲ ਏ ਡਾ. ਚਰਨਜੀਤ ਸਿੰਘ ਵੱਲੋਂ ਪਿੰਡ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 26 ਨਵੰਬਰ 2025- ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੇ ਬਣਨ ਤੋਂ ਬਾਅਦ ਖੇਡਾਂ ਨੂੰ ਵੱਡੇ ਪੱਧਰ ਤੇ ਹੁਲਾਰਾ ਮਿਲਿਆ ਹੈ। ਪਿੰਡ ਸਿੱਲ੍ਹ ਵਿਖੇ ਸਾਬਕਾ ਸਰਪੰਚ ਚਰਨ ਸਿੰਘ ਦੀਪ ਦੀ ਯਾਦ ਵਿੱਚ ਸ਼ੇਰੇ ਪੰਜਾਬ ਯੂਥ ਵੈਲਫੇਅਰ, ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਕਰਵਾਏ ਗਏ 25ਵੇਂ ਕਬੱਡੀ ਮੇਲੇ ਚ ਸ਼ਿਰਕਤ ਕਰਦਿਆਂ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ, ਨਾਲ ਪੰਜਾਬ ਦੇ ਪਿੰਡ-ਪਿੰਡ ਖੇਡਾਂ ਦੀ ਚਿਣਗ ਲਾਈ ਗਈ।
ਬਲਾਕ ਪੱਧਰੀ, ਜ਼ਿਲਾ ਪੱਧਰੀ ਅਤੇ ਸੂਬਾ ਪੱਧਰੀ 60 ਸਾਲ ਤੱਕ ਦੀ ਉਮਰ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ। ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ, ਜਿਸ ਨਾਲ ਸੂਬੇ ਵਿੱਚ ਖੇਡਾਂ ਦੇ ਮਾਮਲੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਬਣਿਆ। ਉਹਨਾਂ ਕਿਹਾ ਕਿ ਇਹ ਵੀ ਭਗਵੰਤ ਸਿੰਘ ਮਾਨ ਸਰਕਾਰ ਦੀ ਹੀ ਪਹਿਲ ਕਦਮੀ ਸੀ ਕਿ ਪੰਜਾਬ ਦੇ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਪੰਜਾਬ ਦੇ ਖੇਡ ਇਤਿਹਾਸ ਵਿੱਚ ਪਹਿਲੀ ਵਾਰ ਤਿਆਰੀ ਲਈ ਨਗਦ ਪੈਸੇ ਦਿੱਤੇ ਗਏ। ਜਿੱਤਣ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਨੌਕਰੀਆਂ ਇਹਨਾਂ ਖਿਡਾਰੀਆਂ ਦੇ ਹੌਸਲੇ ਬੁਲੰਦ ਰੱਖਣ ਅਤੇ ਇਹਨਾਂ ਤੋਂ ਪ੍ਰੇਰਨਾ ਲੈਣ ਵਾਲੀ ਪੀੜੀ ਨੂੰ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਉਪਰਾਲਾ ਸੀ।
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਹੁੰਦੇ ਕਬੱਡੀ ਮੇਲੇ ਅਤੇ ਖੇਡ ਟੂਰਨਾਮੈਂਟ ਆਪਣੇ ਆਪ ਵਿੱਚ ਬੜੇ ਮਹੱਤਵਪੂਰਨ ਹੁੰਦੇ ਹਨ ਕਿਉਂ ਜੋ ਇਹਨਾਂ ਮੇਲਿਆਂ ਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਉਹਨਾਂ ਕਿਹਾ ਕਿ ਸਾਬਕਾ ਸਰਪੰਚ ਚਰਨ ਸਿੰਘ ਦੀਪ ਦੀ ਯਾਦ ਵਿੱਚ ਕਬੱਡੀ ਮੇਲਾ ਕਰਵਾਉਣ ਵਾਲੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਪਿੰਡ ਦੇ ਲੋਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਪਿਛਲੇ 25 ਸਾਲ ਤੋਂ ਉਨਾਂ ਨੇ ਖੇਡਾਂ ਦੀ ਇਸ ਮਸ਼ਾਲ ਨੂੰ ਬੁਝਣ ਨਹੀਂ ਦਿੱਤਾ। ਅੱਜ ਜਦੋਂ 25 ਵਾਂ ਕਬੱਡੀ ਮੇਲਾ ਹੋ ਰਿਹਾ ਹੈ ਤਾਂ ਉਹਨਾਂ ਨੂੰ ਵੀ ਇਸ ਵਿੱਚ ਸ਼ਿਰਕਤ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪਿੰਡ ਵਿੱਚ ਸਟੇਡੀਅਮ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹ ਐਮ ਐਲ ਏ ਡਾ. ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕਰਕੇ, ਪਿੰਡ ਵਿੱਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦੀ ਰੂਪ ਰੇਖਾ ਉਲੀਕਣਗੇ। ਉਹਨਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਦੀ ਲਗਾਤਾਰਤਾ ਚ ਸੂਬੇ ਭਰ ਵਿੱਚ ਤਿੰਨ ਹਜ਼ਾਰ ਖੇਡ ਗਰਾਊਂਡ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪਿੰਡ-ਪਿੰਡ ਲਿਜਾਣ ਵਿੱਚ ਜਿੱਥੇ ਇਹ ਪਿੰਡ ਪੱਧਰੀ ਟੂਰਨਾਮੈਂਟ ਅਤੇ ਕਬੱਡੀ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ, ਉਥੇ ਖੇਡ ਗਰਾਊਂਡ ਖਿਡਾਰੀਆਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਮੁਹਈਆ ਕਰਵਾ ਕੇ ਆਪਣਾ ਅਗਲਾ ਨਿਸ਼ਾਨਾ ਤੈਅ ਕਰਨ ਲਈ ਵੀ ਪ੍ਰੇਰਦੇ ਹਨ।
ਇਸ ਤੋਂ ਪਹਿਲਾਂ ਕਬੱਡੀ ਮੇਲੇ ਵਿੱਚ ਪਹੁੰਚੇ ਸ਼੍ਰੀ ਚਮਕੌਰ ਸਾਹਿਬ ਦੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਪ੍ਰਬੰਧਕਾਂ ਨੂੰ ਲੰਬੇ ਸਮੇਂ ਤੋਂ ਕਬੱਡੀ ਮੇਲਾ ਕਰਵਾਉਣ ਤੇ ਪੰਜਾਬ ਦੀ ਵਿਰਾਸਤੀ ਖੇਡ ਨੂੰ ਜਿਉਂਦਾ ਰੱਖਣ ਲਈ ਵਧਾਈ ਦਿੱਤੀ ਉੱਥੇ ਪਿੰਡ ਦੇ ਵਿਕਾਸ ਲਈ ਆਪਣੇ ਵੱਲੋਂ 5 ਲੱਖ ਰੁਪਏ ਦੀ ਗਰਾਂਟ ਐਲਾਨ ਵੀ ਕੀਤਾ।
ਇਸ ਮੌਕੇ ਜਿੱਥੇ ਜੇਤੂ ਟੀਮਾਂ ਨੂੰ ਖੇਤੀਬਾੜੀ ਮੰਤਰੀ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ਉੱਥੇ ਇਸ ਕਬੱਡੀ ਮੇਲੇ ਵਿੱਚ ਸਹਿਯੋਗ ਦੇਣ ਵਾਲੇ ਪਿੰਡ ਦੇ ਐਨ ਆਰ ਆਈ ਭਰਾਵਾਂ ਦਾ ਵੀ ਸਨਮਾਨ ਕੀਤਾ ਗਿਆ।